ਨਵੀਂ ਦਿੱਲੀ: ਦੇਸ਼ ਦੀਆਂ ਸੜਕਾਂ ਪੈਦਲ ਯਾਤਰੀਆਂ ਲਈ ਮੌਤ ਦਾ ਖੂਹ ਸਾਬਤ ਹੋ ਰਹੀਆਂ ਹਨ। ਸਾਲ 2017 ‘ਚ ਦੇਸ਼ ਦੀਆਂ ਸੜਕਾਂ ‘ਤੇ ਰੋਜ਼ਾਨਾ 56 ਲੋਕਾਂ ਦੀ ਮੌਤ ਹੋਈ। ਮੌਤ ਦੀਆਂ ਘਟਨਾਵਾਂ ‘ਚ ਬੀਤੇ ਸਾਲਾਂ ਦੇ ਮੁਕਾਬਲੇ ਵਾਧਾ ਹੋਇਆ ਹੈ। ਜਿੱਥੇ ਸਾਲ 2014 ‘ਚ ਇਨ੍ਹਾਂ ਘਟਨਾਵਾਂ ‘ਚ 12,330 ਰਾਹਗੀਰਾਂ ਦੀ ਮੌਤ ਹੋਈ ਹੈ, ਉੱਥੇ ਹੀ 2017 ‘ਚ 20,457 ਪੈਦਲ ਯਾਤਰੀਆਂ ਦੀ ਮੌਤ ਦੇਸ਼ ਦੀਆਂ ਸੜਕਾਂ ‘ਤੇ ਹੋਈ ਹੈ।
ਦੇਸ਼ ਦੀਆਂ ਸੜਕਾਂ ਸੁਰੱਖਿਅਤ ਨਹੀਂ ਹਨ। ਅਜਿਹਾ ਇਸ ਲਈ ਕਿਉਂਕਿ ਬਚਾਅ ਸਾਧਨਾਂ ਦੀ ਭਾਰੀ ਕਮੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਸੂਚੀ ‘ਚ ਸਾਈਕਲ ਤੇ ਮੋਟਰਸਾਈਕਲ ਚਲਾਉਣ ਵਾਲਿਆਂ ਨੂੰ ਵੀ ਰੱਖਿਆ ਜਾਂਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ‘ਚ ਪਿਛਲੇ ਸਾਲ ਪ੍ਰਤੀ ਦਿਨ 133 ਮੋਟਰਸਾਈਕਲ ਵਾਲੇ ਤੇ 10 ਸਾਈਕਲ ਚਲਾਉਣ ਵਾਲਿਆਂ ਦੀ ਮੌਤ ਹੋਈ ਹੈ।
ਸੜਕਾਂ ‘ਤੇ ਹੋ ਰਹੀਆਂ ਮੌਤਾਂ ‘ਚ ਤਾਮਿਲਨਾਡੂ ਦੀ ਸਥਿਤੀ ਸਭ ਤੋਂ ਚਿੰਤਾਜਨਕ ਹੈ। ਬੀਤੇ ਸਾਲ ਉੱਥੇ ਪ੍ਰਤੀ ਦਿਨ 3,507 ਮੌਤਾਂ ਸੜਕ ‘ਤੇ ਹੋਈਆਂ। ਇਸ ਤੋਂ ਬਾਅਦ ਮਹਾਰਾਸ਼ਟਰ ‘ਚ 1,831, ਆਂਧਰਾ ਪ੍ਰਦੇਸ਼ ‘ਚ 1,379 ਮੌਤਾਂ ਸੜਕ ਦੁਰਘਟਨਾਵਾਂ ‘ਚ ਹੋਈਆਂ ਹਨ। ਦੋਪਹੀਆ ਵਾਹਨਾਂ ਨਾਲ ਹੋਈਆਂ ਮੌਤਾਂ ‘ਚ ਵੀ ਤਾਮਿਲਨਾਡੂ ਸਭ ਤੋਂ ਪਹਿਲੇ ਨੰਬਰ ‘ਤੇ ਹੈ। ਉੱਥੇ 6,329 ਲੋਕਾਂ ਦੀ ਮੌਤ ਸੜਕਾਂ ‘ਤੇ, ਯੂਪੀ ‘ਚ 5,699 ਤੇ ਮਹਾਰਾਸ਼ਟਰ ‘ਚ 4569 ਲੋਕਾਂ ਦੀ ਜਾਨ ਸੜਕਾਂ ‘ਤੇ ਗਈ।
ਪੈਦਲ ਯਾਤਰੀਆਂ ਦੀਆਂ ਦੇਸ਼ ਦੀਆਂ ਸੜਕਾਂ ‘ਤੇ ਵਧਦੀਆਂ ਮੌਤ ਦੀਆਂ ਘਟਨਾਵਾਂ ‘ਤੇ ਹਾਲ ਹੀ ‘ਚ ਟ੍ਰਾਂਸਪੋਰਟ ਵਿਭਾਗ ਦੇ ਸਕੱਤਰ ਨੇ ਕਿਹਾ ਸੀ ਕਿ ਵਿਕਸਤ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਦੇ ਗੱਡੀ ਚਾਲਕਾਂ ਦੇ ਮਨ ‘ਚ ਪੈਦਲ ਯਾਤਰੀਆਂ ਪ੍ਰਤੀ ਸਨਮਾਨ ਘੱਟ ਹੈ। ਦੇਸ਼ ਦੀਆਂ ਸੜਕਾਂ ‘ਤੇ ਗੱਡੀ ਪਾਰਕ ਕਰਨ ਦੀਆਂ ਘਟਨਾਵਾਂ ਵੀ ਆਮ ਹੋ ਗਈਆਂ ਹਨ।