ਨਵੀਂ ਦਿੱਲੀ: ‘ਇੱਕ ਰੈਂਕ, ਇੱਕ ਪੈਨਸ਼ਨ’ ਦੀ ਮੰਗ ਪੂਰੀ ਨਾ ਹੋਣ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਹਰਿਆਣਾ ਦੇ 70 ਸਾਲਾ ਸਾਬਕਾ ਸੂਬੇਦਾਰ ਰਾਮ ਕਿਸ਼ਨ ਗਰੇਵਾਲ ਦਾ ਅੰਤਿਮ ਸਸਕਾਰ ਅੱਜ ਹਰਿਆਣਾ ਦੇ ਭਿਵਾਨੀ ਵਿਖੇ ਕਰ ਦਿੱਤਾ ਗਿਆ।


ਸਾਬਕਾ ਸੈਨਿਕ ਦੇ ਅੰਤਿਮ ਸਸਕਾਰ ਵਿੱਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ।ਕੇਜਰੀਵਾਲ ਨੇ ਰਾਮ ਕ੍ਰਿਸ਼ਨ ਦੇ ਪਰਿਵਾਰ ਵਾਲਿਆਂ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਮੁੱਦੇ ਨੂੰ ਲੈ ਕੇ ਸਿਆਸਤ ਵੀ ਗਰਮਾਈ ਹੋਈ ਹੈ। ਇਸ ਮੁੱਦੇ ਨੂੰ ਲੈ ਕੇ ਸਾਬਕਾ ਸੈਨਿਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਗਏ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸੋਦੀਆ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।
ਕਾਬਲੇ-ਗ਼ੌਰ ਹੈ ਕਿ ਪਿੰਡ ਬਾਮਲਾ ਦੇ ਗਰੇਵਾਲ ਨੇ ਘੱਟ ਪੈਨਸ਼ਨ ਕਰ ਕੇ ਮੰਗਲਵਾਰ ਨੂੰ ਦਿੱਲੀ ਦੇ ਜੰਤਰ ਮੰਤਰ ‘ਤੇ ਖ਼ੁਦਕੁਸ਼ੀ ਕਰ ਲਈ ਸੀ। ਖ਼ੁਦਕੁਸ਼ੀ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਮੋਦੀ ਸਰਕਾਰ ਨੂੰ ਘੇਰਿਆ।