ਗੁਜਰਾਤ ਤੇ ਹਿਮਾਚਲ ਦੀਆਂ ਵੱਖ-ਵੱਖ ਚੋਣਾਂ 'ਤੇ ਸਾਬਕਾ ਚੋਣ ਕਮਿਸ਼ਨਰ ਦਾ ਸਵਾਲ
ਏਬੀਪੀ ਸਾਂਝਾ | 17 Oct 2017 05:41 PM (IST)
ਫ਼ਾਈਲ ਤਸਵੀਰ
ਨਵੀਂ ਦਿੱਲੀ: ਸਾਬਕਾ ਮੁੱਖ ਚੋਣ ਕਮਿਸ਼ਨਰ ਟੀ.ਐਸ. ਕ੍ਰਿਸ਼ਨਾਮੂਰਤੀ ਨੇ ਬੀਤੇ ਦਿਨੀਂ ਕਿਹਾ ਕਿ ਚੋਣ ਕਮਿਸ਼ਨ ਨੂੰ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵੱਖ-ਵੱਖ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਮੁਤਾਬਕ ਇਹ ਵਿਵਾਦ ਪੈਦਾ ਕਰਵਾਉਣ ਦਾ ਬੋਲੋੜਾ ਕਾਰਨ ਹੈ, ਜਿਸ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਲੰਘੀ 12 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਲਈ 9 ਨਵੰਬਰ ਨੂੰ ਵੋਟਾਂ ਕਰਵਾਏ ਜਾਣ ਤੇ 18 ਦਸੰਬਰ ਨੂੰ ਨਤੀਜਿਆਂ ਦੇ ਐਲਾਨ ਕਰਨ ਦੇ ਦਿਨ ਤੈਅ ਕੀਤੇ ਗਏ ਹਨ, ਪਰ ਗੁਜਰਾਤ ਦੀਆਂ ਚੋਣਾਂ ਲਈ ਕੋਈ ਐਲਾਨ ਨਹੀਂ ਕੀਤਾ ਗਿਆ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਜੇਕਰ ਕੋਈ ਸਮੱਸਿਆ ਹੈ ਤਾਂ ਹਿਮਾਚਲ ਦੀਆਂ ਚੋਣਾਂ ਨੂੰ ਥੋੜ੍ਹਾ ਅੱਗੇ ਪਾਇਆ ਜਾ ਸਕਦਾ ਹੈ। ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਦੇ ਕਈ ਵਾਰ ਅਜਿਹਾ ਕਹਿਣ 'ਤੇ ਕਿ ਚੋਣ ਕਮਿਸ਼ਨ ਇੱਕ ਬਿਨਾ ਦੰਦਾਂ ਵਾਲਾ ਸ਼ੇਰ ਹੈ, ਬਾਰੇ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਕਾਨੂੰਨ ਵਿੱਚ ਸੋਧ ਕਰ ਕੇ ਇਹ ਹਾਸਲ ਕੀਤਾ ਜਾ ਸਕਦਾ ਹੈ ਕਿ ਚੋਣ ਕਮਿਸ਼ਨ ਕਿਸੇ ਪਾਰਟੀ ਨੂੰ ਆਪਣੇ ਖ਼ਰਚਿਆਂ ਦੇ ਵੇਰਵੇ ਨਾ ਜਾਂ ਦੇਰੀ ਨਾਲ ਜਮ੍ਹਾਂ ਕਰਵਾਉਣ ਕਾਰਨ ਉਸ ਦੀ ਮਾਨਤਾ ਰੱਦ ਕਰ ਦੇਵੇ।