ਚੰਡੀਗੜ੍ਹ: ਕਿਸਾਨ ਅੰਦੋਲਨ ਕਰਕੇ ਹਰਿਆਣਾ ਵਿੱਚ ਬੀਜੇਪੀ ਲਈ ਹਾਲਾਤ ਔਖੇ ਬਣਦੇ ਜਾ ਰਹੇ ਹਨ। ਪਾਰਟੀ ਦੇ ਅੰਦਰ ਵੀ ਬਾਗੀ ਸੁਰਾਂ ਉੱਠਣ ਲੱਗੀਆਂ ਹਨ। ਖੇਤੀ ਕਾਨੂੰਨਾਂ ਬਾਰੇ ਪਾਰਟੀ ਦੇ ਸਟੈਂਡ ਤੋਂ ਅੱਕ ਕੇ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਤੇ ਸੀਨੀਅਰ ਬੀਜੇਪੀ ਲੀਡਰ ਪ੍ਰੋ. ਸੰਪਤ ਸਿੰਘ ਨੇ ਸੂਬਾਈ ਕਾਰਜਕਾਰੀ ਕਮੇਟੀ ਦਾ ਮੈਂਬਰ ਬਣਨ ਤੋਂ ਨਾਂਹ ਕਰ ਦਿੱਤੀ ਹੈ।


ਪ੍ਰੋ. ਸੰਪਤ ਸਿੰਘ ਦਾ ਹਰਿਆਣਾ ਦੀ ਸਿਆਸਤ ਵਿੱਚ ਵੱਡਾ ਕੱਦ ਹੈ। ਉਹ ਛੇ ਵਾਰ ਵਿਧਾਇਕ ਰਹੇ ਹਨ। ਸੰਪਤ ਸਿੰਘ ਕਾਂਗਰਸ ਵੱਲੋਂ ਟਿਕਟ ਦੇਣ ਤੋਂ ਇਨਕਾਰ ਕਰਨ ’ਤੇ ਅਕਤੂਬਰ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋਏ ਸਨ। ਹੁਣ ਖੇਤੀ ਕਾਨੂੰਨਾਂ ਉੱਪਰ ਉਨ੍ਹਾਂ ਦੇ ਸਟੈਂਡ ਮਗਰੋਂ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ।


ਪ੍ਰੋ. ਸੰਪਤ ਸਿੰਘ ਨੇ ਸਿਰਫ ਅਹੁਦਾ ਲੈਣ ਤੋਂ ਹੀ ਇਨਕਾਰ ਨਹੀਂ ਕੀਤਾ ਸਗੋਂ ਪਾਰਟੀ ਹੀ ਸਰਕਾਰ ਤੇ ਪਾਰਟੀ ਦੀ ਕਾਰਗੁਜ਼ਾਰੀ ਉੱਪਰ ਵੱਡੇ ਸਵਾਲ ਵੀ ਉਠਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ‘ਬੰਦ ਕਮਰੇ ਵਿੱਚ ਪੁਲਿਸ ਸੁਰੱਖਿਆ ਹੇਠ ਸਿਆਸਤ ਕਰਨਾ ਮੁਮਕਿਨ ਨਹੀਂ।’ ਉਨ੍ਹਾਂ ਦਾ ਇਸ਼ਾਰਾ ਕਿਸਾਨਾਂ ਦੇ ਵਿਰੋਧ ਤੋਂ ਡਰਦਿਆਂ ਬੀਜੇਪੀ ਲੀਡਰਾਂ ਦੇ ਸਖਤ ਸੁਰੱਖਿਆ ਪਹਿਰੇ ਹੇਠ ਕੰਮ ਕਰਨ ਵੱਲ ਸੀ।



ਹਰਿਆਣਾ ਭਾਜਪਾ ਦੇ ਪ੍ਰਧਾਨ ਓ.ਪੀ.ਧਨਖੜ ਨੂੰ ਲਿਖੇ ਪੱਤਰ ਵਿੱਚ ਸੰਪਤ ਸਿੰਘ ਨੇ ਕਾਰਜਕਾਰੀ ਕਮੇਟੀ ’ਚ ਨਾਮਜ਼ਦਗੀ ਲਈ ਜਿੱਥੇ ਧੰਨਵਾਦ ਕੀਤਾ, ਉੱਥੇ ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਅੰਦੋਲਨ ਦੇ ਹਵਾਲੇ ਨਾਲ ਇਹ ਜ਼ਿੰਮੇਵਾਰੀ ਲੈਣ ਤੋਂ ਅਸਮਰੱਥਾ ਜਤਾਈ।


ਕਿਸਾਨ ਆਗੂਆਂ ਵੱਲੋਂ ਭਾਜਪਾ ਆਗੂਆਂ ਖਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਸੰਪਤ ਸਿੰਘ ਨੇ ਕਿਹਾ ਕਿ ਪਾਰਟੀ ਆਗੂਆਂ ਕੋਲ ਹੋਰ ਕੋਈ ਬਦਲ ਨਹੀਂ ਹੈ ਤੇ ਉਨ੍ਹਾਂ ਨੂੰ ‘ਕਿਸਾਨ ਅੰਦੋਲਨ’ ਕਰਕੇ ਪੁਲਿਸ ਸੁਰੱਖਿਆ ਹੇਠ ਮੀਟਿੰਗਾਂ ਕਰਨੀਆਂ ਪੈ ਰਹੀਆਂ ਹਨ।


ਉਨ੍ਹਾਂ ਨੇ ਪੱਤਰ ’ਚ ਅੱਗੇ ਲਿਖਿਆ, ‘‘ਭਾਰੀ ਪੁਲਿਸ ਤਾਇਨਾਤੀ ਤੋਂ ਬਿਨਾਂ ਅਰਥਪੂਰਨ ਸਿਆਸੀ ਤੇ ਪਾਰਟੀ ਸਰਗਰਮੀਆਂ ਨੂੰ ਅੰਜਾਮ ਦੇਣਾ ਵਰਚੁਅਲੀ ਨਾਮੁਮਕਿਨ ਜਾਪਦਾ ਹੈ।’’ ਸਾਬਕਾ ਮੰਤਰੀ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਿਸਾਨ ਮੰਗਾਂ ਦਾ ਹਮਾਇਤੀ ਰਿਹਾ ਹੈ ਤੇ ਪਾਰਟੀ ਹਾਈਕਮਾਨ ਨੂੰ ਤਰਜੀਹੀ ਆਧਾਰ ’ਤੇ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ।


ਇਹ ਵੀ ਪੜ੍ਹੋ: ਗਰਮੀ ਨੇ ਕੀਤਾ ਬੇਹਾਲ, ਉਤੋਂ ਬਿਜਲੀ ਕੱਟਾਂ ਤੋਂ ਅਕੇ ਲੋਕਾਂ ਨੇ ਪਾਵਰਕਾਮ ਸਬ ਡਵੀਜ਼ਨ ਤਿੱਬੜ ਦਾ ਕੀਤਾ ਘਿਰਾਓ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904