ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੀ ਮੁਹਿੰਮ ਸਿਖਰ 'ਤੇ ਹੈ ਅਤੇ ਪਹਿਲੇ ਪੜਾਅ ਦੀ ਵੋਟਿੰਗ ‘ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਅਜਿਹੇ ‘ਚ ਮੋਦੀ ਨੇ ਚੋਣਾਂ ਅਤੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਨਾਲ ਜੁੜੇ ਸਭ ਮੁੱਦਿਆਂ ‘ਤੇ 'ਏਬੀਪੀ ਨਿਊਜ਼' ਨਾਲ ਖ਼ਾਸ ਗੱਲਬਾਤ ਕੀਤੀ ਅਤੇ ਬੇਬਾਕੀ ਨਾਲ ਆਪਣੀਆਂ ਗੱਲਾਂ ਅੱਗੇ ਰੱਖੀਆਂ। ਪੜ੍ਹੋ ਮੋਦੀ ਦੇ ਇੰਟਰਵਿਊ ਦੇ ਕੁਝ ਖ਼ਾਸ ਅੰਸ਼-

60 ਮਹੀਨਿਆਂ ਦਾ ਕੰਮਕਾਜ: ਮੋਦੀ ਨੇ ਕਿਹਾ, “ਮੈਂ ਲੋਕਾਂ ਤੋਂ 60 ਮਹੀਨੇ ਮੰਗੇ ਸੀ ਅਤੇ ਜੇਕਰ ਤੁਸੀਂ ਮੇਰੇ 60 ਮਹੀਨੇ ਕੰਮ ਤੋਂ ਸੰਤੁਸ਼ਟ ਹੋ ਤਾਂ ਇਸ ਦਾ ਸਿਹਰਾ ਮੈਨੂੰ ਨਹੀਂ ਤੁਹਾਡੇ ਸਿਰ ਹੈ ਕਿਉਂਕਿ ਤੁਸੀਂ ਮੈਨੂੰ ਮੌਕਾ ਦਿੱਤਾ।

ਕਾਂਗਰਸ ਦਾ ਮੈਨੀਫੈਸਟੋ ਨੂੰ ਸ਼ੋਸ਼ਾ ਕਹਿਣ ਦਾ ਕਾਰਨ: “ਕਾਂਗਰਸ ਪਾਰਟੀ ਦੇ ਮੈਨੀਫੈਸਟੋ ਨੇ ਨਿਰਾਸ਼ਾ ਪੈਦਾ ਕੀਤੀ। ਚੰਗਾ ਹੁੰਦਾ ਬੀਜੇਪੀ ਤੋਂ ਸ਼ਾਨਦਾਰ ਚੀਜ਼ਾਂ ਲੈ ਕੇ ਆਉਂਦੀ।”

ਭਾਰਤੀ ਫ਼ੌਜ: “ਕਿੰਨੇ ਮਾਣ ਦੀ ਗੱਲ ਹੈ ਕਿ ਪੂਰੀ ਦੁਨੀਆ ਦੀ ਫ਼ੌਜਾਂ ਦੇ ਅੰਦਰ ਜੋ ਲੋਕ ਪੀਸ ਕੀਪਿੰਗ ਫੋਰਸ ‘ਚ ਆਉਂਦੇ ਹਨ ਉਨ੍ਹਾਂ ਸਭ ‘ਚ ਵੀ ਭਾਰਤ ਦੀ ਫੋਰਸ ਦਾ ਅਨੁਸ਼ਾਸਨ, ਫ਼ੌਜੀਆਂ ਦਾ ਵਤੀਰਾ, ਉਨ੍ਹਾਂ ਦਾ ਤਰੀਕੇ ‘ਤੇ ਦੁਨੀਆ ਮਾਣ ਕਰਦੀ ਹੈ।”

ਅਫਸਪਾ ਅਤੇ ਧਾਰਾ 124 (A): “ਦੁਨੀਆ ‘ਚ ਕੋਈ ਦੇਸ਼ ਖ਼ੁਦ ਨੂੰ ਜੇਲ੍ਹਖਾਨਾ ਬਣਾ ਕੇ ਚੱਲਣਾ ਪਸੰਦ ਨਹੀਂ ਕਰੇਗਾ। ਪਰ ਤੁਸੀਂ ਸਥਿਤੀਆਂ ਤਾਂ ਸੁਧਾਰੋ, ਜਿਹਾ ਅਸੀਂ ਅਰੁਣਾਚਲ ਪ੍ਰਦੇਸ਼ ‘ਚ ਕੀਤਾ। ਅਸੀਂ ਅਜਿਹਾ ਭਾਰਤ ਚਾਹੁੰਦੇ ਹਾਂ ਜਿੱਥੇ ਅਪਸਫਾ ਹੋਵੇ ਹੀ ਨਾ, ਪਰ ਪਹਿਲਾਂ ਅਜਿਹਾ ਮਾਹੌਲ ਲੈ ਕੇ ਤਾਂ ਆਓ।” ਧਾਰਾ 124 (A) ‘ਤੇ ਪੀਐਮ ਨੇ ਗੋਲਮਾਲ ਜਵਾਬ ਦਿੰਦਿਆਂ ਕਾਂਗਰਸ ‘ਤੇ ਹਮਲਾ ਕੀਤਾ।

ਪੀਡੀਪੀ ਨਾਲ ਬੀਜੇਪੀ ਦਾ ਗਠਜੋੜ ਅਤੇ ਕਸ਼ਮੀਰ: ਭਾਜਪਾ ਤੇ ਪੀਡੀਪੀ ਗਠਜੋੜ ‘ਤੇ ਬੋਲਦਿਆਂ ਮੋਦੀ ਨੇ ਕਿਹਾ “ਇੱਕ ਤਰ੍ਹਾਂ ਨਾਲ ਮਿਲਾਵਟ ਵਾਲਾ ਹੀ ਕੰਮ ਸੀ ਸਾਡਾ। ਸਾਡੀ ਕੋਸ਼ਿਸ਼ ਸੀ ਚੰਗਾ ਕਰੀਏ, ਕੁਝ ਕਮੀ ਰਹਿ ਗਈ। ਨਹੀਂ ਕਰ ਸਕੇ ਤਾਂ ਅਸੀਂ ਕਸ਼ਮੀਰ ਦੇ ਲੋਕਾਂ ‘ਤੇ ਬੋਝ ਨਹੀਂ ਬਣਨਾ ਚਾਹੁੰਦੇ ਸੀ, ਅਸੀਂ ਕਿਹਾ ਭਾਈ ਨਮਸਤੇ, ਸਾਨੂੰ ਜਾਣ ਦਿਓ।” ਕਸ਼ਮੀਰ ਬਾਰੇ ਉਨ੍ਹਾਂ ਕਿਹਾ, “ਜਦੋਂ ਅਸੀਂ ਕਸ਼ਮੀਰ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਲੱਦਾਖ, ਸ਼੍ਰੀਨਗਰ ਵੈਲੀ ਅਤੇ ਜੰਮੂ, ਸਭ ਦੀ ਚਰਚਾ ਕਰਨੀ ਚਾਹੀਦੀ ਹੈ। ਜੋ ਘਟਨਾਵਾਂ ਪਹਿਲਾਂ ਹੁੰਦੀਆਂ ਸੀ ਉਨ੍ਹਾਂ ‘ਚ ਹੁਣ ਕਮੀ ਆਈ ਹੈ। ਮੈਨੂੰ ਸੰਤੁਸ਼ਟੀ ਹੈ ਕਿ ਅਸੀਂ ਸਹੀ ਦਿਸ਼ਾ ‘ਚ ਵਧ ਰਹੇ ਹਾਂ।”

ਪਾਕਿਸਤਾਨ ਅਤੇ ਚੀਨ: ਪੀਐਮ ਮੋਦੀ ਨੇ ਕਿਹਾ, “ਦੁਨੀਆ ਦੇ ਲੋਕਾਂ ਨੂੰ ਵੱਡੀ ਮੁਸ਼ਕਿਲ ਹੈ ਕਿ ਪਾਕਿਸਤਾਨ ਨੂੰ ਕੌਣ ਚਲਾ ਰਿਹਾ ਹੈ, ਚੁਣੀ ਹੋਈ ਸਰਕਾਰ, ਸੈਨਾ, ਆਈਐਸਆਈ ਜਾਂ ਪਾਕਿ ਤੋਂ ਬਾਹਰ ਬੈਠੇ ਲੋਕ। ਵੱਡੀ ਚਿੰਤਾ ਦੀ ਗੱਲ ਹੈ ਕਿ ਕਿਸ ਨਾਲ ਗੱਲ ਕਰੀਏ।”

ਨਾਲ ਹੀ ਚੀਨ ਬਾਰੇ ਮੋਦੀ ਨੇ ਕਿਹਾ, “ਚੀਨ ਨਾਲ ਸਾਡੇ ਵਿਵਾਦ ਹਨ। ਪਰ ਮਿਲਣਾ ਹੁੰਦਾ ਹੈ, ਮੀਟਿੰਗ ਹੁੰਦੀ ਹੈ, ਰਾਜਨੀਤੀਕ ਗੱਲਬਾਤ ਹੁੰਦੀ ਹੈ ਅਤੇ ਅਸੀਂ ਮਨ ਬਣਾ ਲਿਆ ਹੈ ਕਿ ਅਸੀਂ ਸਾਡੇ ਮਤਭੇਦਾਂ ਨੂੰ ਵਿਵਾਦਾਂ ‘ਚ ਬਦਲਣ ਨਹੀਂ ਦਿਆਂਗੇ। ਇਸ ਸਮਝ ਨਾਲ ਚੀਨ ਅਤੇ ਸਾਡੀ ਗੱਡੀ ਚੱਲ ਰਹੀ ਹੈ।”

ਏਅਰ ਸਟ੍ਰਾਈਕ: ਪੀਐਮ ਮੋਦੀ ਨੇ ਕਿਹਾ, “ਸਭ ਤੋਂ ਵੱਡਾ ਸਬੂਤ ਪਾਕਿਸਤਾਨ ਨੇ ਖ਼ੂਦ ਟਵੀਟ ਕਰਕੇ ਦੁਨੀਆ ਨੂੰ ਦਿੱਤਾ। ਅਸੀਂ ਤਾਂ ਦਾਅਵਾ ਹੀ ਨਹੀਂ ਸੀ ਕੀਤਾ। ਅਸੀ ਤਾਂ ਆਪਣਾ ਕੰਮ ਕਰਕੇ ਚੁੱਪ ਬੈਠੇ ਸੀ। ਪਾਕਿ ਨੇ ਕਿਹਾ ਕਿ ਇਹ ਆਏ ਸਾਨੂੰ ਮਾਰਿਆ।”

ਪੁਲਵਾਮਾ ਹਮਲੇ ਸਮੇਂ ਸ਼ੂਟਿੰਗ ਕਰਨ ਦਾ ਵਿਵਾਦ: ਪੀਐਮ ਨੇ ਕਿਹਾ, “ਪੁਲਵਾਮਾ ਘਟਨਾ ਮੈਨੂੰ ਪਹਿਲਾਂ ਤੋਂ ਪਤਾ ਸੀ ਕੀ? ਮੇਰਾ ਤਾਂ ਰੂਟੀਨ ਕੰਮ ਸੀ ਉੱਤਰਾਖੰਡ ‘ਚ। ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਹੈਂਡਲ ਕਰਨ ਦਾ ਤਰੀਕਾ ਹੁੰਦਾ ਹੈ।"

ਗਾਂਧੀ ਪਰਿਵਾਰ ਬਾਰੇ ਨਿੱਜੀ ਇਲਜ਼ਾਮ: ਮੈਂ ਦੇਸ਼ ਨੂੰ ਵਾਅਦਾ ਕੀਤਾ ਹੈ ਕਿ ਦੇਸ਼ ਨੂੰ ਲੁੱਟਣ ਵਾਲਿਆਂ ਤੋਂ ਪਾਈ-ਪਾਈ ਵਾਪਸ ਲਵਾਂਗਾ। ਮੈਨੂੰ ਦੱਸੋ ਕੀ ਨੈਸ਼ਨਲ ਹੇਰਾਡਲ ਕੇਸ ਮੇਰੇ ਆਉਣ ਤੋਂ ਬਾਅਦ ਸ਼ੁਰੂ ਹੋਇਆ ਕੀ? ਮੈਂ ਤਾਂ ਕਾਨੂੰਨੀ ਕੰਮ ਕਰ ਰਿਹਾ ਹਾਂ ਹੁਣ ਦੇਸ਼ ਦੇ ਵਿੱਤ ਮੰਤਰੀ ਸਨ ਜਿਨ੍ਹਾਂ ਨੂੰ ਅੱਜ ਕੋਰਟ ਦੇ ਚੱਕਰ ਕੱਟਣੇ ਪੈ ਰਹੇ ਹਨ।”

ਰਾਮ ਮੰਦਰ ਦੇ ਮਸਲੇ ਤੇ ਮੁਸਲਮਾਨਾਂ ਦਾ ਬੀਜੇਪੀ ‘ਤੇ ਭਰੋਸਾ ਨਹੀਂ: ਮੋਦੀ ਨੇ ਕਿਹਾ, ਅਸੀਂ ਸੰਵਿਧਾਨ ਨੂੰ ਸੁਪਰੀਮ ਮੰਨਦੇ ਹਾਂ ਅਤੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਜਿੰਨਾ ਜਲਦੀ ਹੋ ਸਕੇ ਨਿਆਂਇਕ ਪ੍ਰਕਿਰੀਆ ਪੂਰੀ ਹੋ ਸਕੇ।” ਆਪਣੇ ਦੂਜੇ ਸਵਾਲ ਦਾ ਜਵਾਬ ਵੀ ਮੋਦੀ ਨੇ ਗੋਲਮੋਲ ਕਰ ਦਿੱਤਾ। ਉਨ੍ਹਾਂ ਕਿਹਾ,"ਮੈਂ ਕਹਿੰਦਾ ਹਾਂ ਕਿ 2022 ਤਕ ਹਿੰਦੁਸਤਾਨ ਦਾ ਇੱਕ ਵੀ ਪਰਿਵਾਰ ਅਜਿਹਾ ਨਹੀਂ ਹੋਵੇਗਾ ਜਿਸ ਕੋਲ ਆਪਣਾ ਪੱਕਾ ਘਰ ਨਹੀਂ ਹੋਵੇਗਾ। ਹੁਣ ਦੱਸੋ ਕੀ ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਮੈਂ ਮੁਸਲਮਾਨਾਂ ਦਾ ਪੱਕਾ ਘਰ ਬਣਾਵਾਂਗਾ।”

ਰੋਜ਼ਗਾਰ ਦੇ ਅੰਕੜੇ: ਪੀਐਮ ਨੇ ਕਿਹਾ, “ਹਾਲ ਹੀ ‘ਚ CII  ਨੇ ਇੱਕ ਰਿਪੋਰਟ ਦਿੱਤੀ ਹੈ। MSME ‘ਚ ਸ਼ਾਇਦ ਮੋਟਾ ਮੋਟਾ 6 ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਦੇਸ਼ ‘ਚ ਡਬਲ ਰੋਡ ਬਣ ਰਹੇ ਹਨ, ਪਹਿਲਾਂ ਤੋਂ ਜ਼ਿਆਦਾ ਏਅਰਪੋਰਟ ‘ਤੇ ਕੰਮ ਹੋ ਰਿਹਾ ਹੈ ਇਸ ਸਭ ਬਿਨਾਂ ਰੁਜ਼ਗਾਰ ਤੋਂ ਹੋ ਜਾਂਦਾ ਹੈ ਕੀ। ਰੋਜ਼ਗਾਰ ਨੂੰ ਲੈ ਕੇ ਵਿਰੋਧੀ ਧਿਰਾਂ ਝੂਠ ਬੋਲ ਰਹੀਆਂ ਹਨ।

ਨੀਰਵ ਮੋਦੀ ਅਤੇ ਵਿਜੈ ਮਾਲਿਆ ਘੁਟਾਲਾ: ਇਸ ਬਾਰੇ ਮੋਦੀ ਨੇ ਕਿਹਾ, “ਅਸੀਂ ਕਦਮ ਚੁੱਕੇ ਹਨ ਇਸ ਦਾ ਕਾਰਨ ਹੈ ਕਿ ਭੱਜਣ ਵਾਲਿਆਂ ਨੂੰ ਉੱਥੇ ਦੀ ਜੇਲ੍ਹਾਂ ‘ਚ ਵੀ ਜਾਣਾ ਪੈ ਰਿਹਾ ਹੈ। ਉਨ੍ਹਾਂ ਦੀ ਸਾਰੀ ਜ਼ਾਇਦਾਦ ਜ਼ਬਤ ਹੋ ਰਹੀ ਹੈ। ਅਸੀਂ ਲਿਆਵਾਂਗੇ ਤਾਂ ਸਿੱਧਾ ਜੇਲ੍ਹ ‘ਚ ਪਾਵਾਂਗੇ ਇਹ ਪੱਕਾ ਹੈ।”