ਨਵੀਂ ਦਿੱਲੀ: ਹਰਿਆਣਾ ‘ਚ ਮੰਤਰੀਆਂ ਨੂੰ ਲੈ ਕੇ ਮਤਭੇਦ ਸੁਲਝ ਗਏ ਹਨ। ਹੁਣ ਕੱਲ੍ਹ ਸਵੇਰੇ 11 ਵਜੇ ਹਰਿਆਣਾ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ। ਹਰਿਆਣਾ ‘ਚ 27 ਅਕਤੂਬਰ ਨੂੰ ਮਨੋਹਰ ਲਾਲ ਖੱਟੜ ਤੇ ਦੁਸ਼ਿਅੰਤ ਚੌਟਾਲਾ ਦੀ ਸਰਕਾਰ ਬਣੀ ਸੀ। ਸੋਮਵਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਪਰ ਸਰਕਾਰ ਬਣਨ ਤੋਂ 17 ਦਿਨ ਬਾਅਦ ਵੀ ਹਰਿਆਣਾ ਦਾ ਮੰਤਰੀ ਮੰਡਲ ਨਹੀਂ ਬਣਿਆ। ਕਈ ਦਿਨਾਂ ਤੋਂ ਹਰਿਆਣਾ ਕੈਬਿਨਟ ਨੂੰ ਲੈ ਕੇ ਮੰਥਨ ਹੋ ਰਿਹਾ ਸੀ, ਜਿਸ ‘ਤੇ ਹੁਣ ਮੋਹਰ ਲੱਗ ਗਈ ਹੈ।

ਜੀ ਹਾਂ, ਹੁਣ ਕੱਲ੍ਹ ਸਵੇਰੇ 11 ਵਜੇ ਹਰਿਆਣਾ ਕੈਬਨਿਟ ਦਾ ਗਠਨ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ‘ਚ ਬੀਜੇਪੀ ਵੱਲੋਂ 5 ਕੈਬਨਿਟ ਤੇ 4 ਰਾਜ ਮੰਤਰੀ ਸਹੁੰ ਲੈ ਸਕਦੇ ਹਨ ਜਦਕਿ ਜੇਜੇਪੀ ਨੂੰ ਇੱਕ ਕੈਬਿਨਟ ਮੰਤਰੀ ਤੇ ਇੱਕ ਰਾਜ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ। ਦੋ ਆਜ਼ਾਦ ਉਮੀਦਵਾਰਾਂ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ।

ਮੰਤਰੀਆਂ ਦੀ ਲਿਸਟ ਕੁਝ ਇਸ ਤਰ੍ਹਾਂ ਦੀ ਹੋ ਸਕਦੀ ਹੈ।

1. ਅਨਿਲ ਵਿੱਜ: ਅੰਬਾਲਾ ਕੈਂਟ ਤੋਂ ਵਿਧਾਇਕ ਹਨ, ਪਿਛਲੀ ਸਰਕਾਰ ‘ਚ ਸਿਹਤ ਮੰਤਰੀ ਰਹੇ ਹਨ ਤੇ ਪੰਜਾਬੀ ਭਾਈਚਾਰੇ ਵਿੱਚੋਂ ਹਨ।

2. ਕੰਵਰ ਪਾਲ ਗੁੱਜਰ: ਜਗਾਧਰੀ ਤੋਂ ਵਿਧਾਇਕ ਹਨ, ਜੋ ਪਿਛਲੀ ਵਿਧਾਨ ਸਭਾ ‘ਚ ਸਪੀਕਰ ਰਹੇ ਹਨ ਤੇ ਗੁਜੱਰ ਭਾਈਚਾਰੇ ਤੋਂ ਹਨ।

3. ਅਭੈ ਸਿੰਘ ਯਾਦਵ: ਨਾਂਗਲ ਚੌਧਰੀ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ ਤੇ ਰਿਟਾਇਰਡ ਆਈਏਐਸ ਹਨ। ਪਹਿਲੀ ਵਾਰ ਮੰਤਰੀ ਬਣਨਗੇ।

4. ਦੀਪਕ ਮੰਗਲਾ: ਪਲਵਲ ਤੋਂ ਵਿਧਾਇਕ ਹਨ, ਵੈਸ਼ ਸਮਾਜ ਤੋਂ ਆਉਂਦੇ ਹਨ। ਕਾਂਗਰਸ ਦੇ ਭੁਪਿੰਦਰ ਹੁੱਡਾ ਦੇ ਕਰੀਬੀ ਮੰਤਰੀ ਕਰਨ ਸਿੰਘ ਦਲਾਲ ਨੂੰ ਹਰਾ ਕੇ ਵਿਧਾਇਕ ਬਣੇ ਹਨ।

5. ਮਹੀਪਾਲ ਢਾਂਢਾ: ਪਾਨੀਪਤ ਪੇਂਡੂ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਹਨ। ਜਾਟ ਭਾਈਚਾਰੇ ਤੋਂ ਹਨ ਤੇ ਪਹਿਲੀ ਵਾਰ ਮੰਤਰੀ ਬਣਨਗੇ।

6. ਸੀਮਾ ਤ੍ਰਿਖਾ: ਫਰੀਦਾਬਾਦ ਦੀ ਬੜਖਲ ਸੀਟ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੀ ਹੈ, ਪੰਜਾਬੀ ਹੈ ਤੇ ਡਿਪਟੀ ਸਪੀਕਰ ਬਣ ਸਕਦੀ ਹੈ।

ਇਸ ਤੋਂ ਇਲਾਵਾ ਰਾਮ ਕੁਮਾਰ ਗੌਤਮ, ਬ੍ਰਾਹਮਣ ਸਮਾਜ ਤੋਂ ਹਨ ਜਿਨ੍ਹਾਂ ਨੇ ਜੇਜੇਪੀ ਦੀ ਟਿਕਟ ਤੋਂ ਬੀਜੇਪੀ ਨੂੰ ਮਾਤ ਦੇ ਦੂਜੀ ਵਾਰ ਵਿਧਾਇਕ ਬਣੇ ਹਨ। ਈਸ਼ਵਰ ਸਿੰਘ ਗੁਹਲਾ-ਚੀਕਾ ਤੇ ਅਨੂਪ ਧਾਨਕ, ਉਕਾਨਾ ਤੋਂ ਕਿਸੇ ਇੱਕ ਦਾ ਜੇਜੇਪੀ ਤੋਂ ਮੰਤਰੀ ਬਣਨਾ ਤੈਅ ਹੈ।