ਮੁੰਬਈ: ਮੁਕੇਸ਼ ਅੰਬਾਨੀ ਦੇ ਘਰ ਕੋਲੋਂ ਮਿਲੇ ਵਿਸਫੋਟਕ ਪਦਾਰਥਾਂ ਦੇ ਮਾਮਲੇ ’ਚ ਇੱਕ ਹੋਰ ਨਵਾਂ ਤੱਥ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਦੇ ਸੂਤਰਾਂ ਮੁਤਾਬਕ ਜਿਹੜੇ ਵਿਅਕਤੀਆਂ ਨੇ ਅੰਬਾਨੀ ਦੇ ਘਰ ਲਾਗੇ ਜਿਲੇਟਿਨ ਦੀਆਂ ਧਮਾਕਾਖ਼ੇਜ਼ ਛੜਾਂ ਛੱਡੀਆਂ ਸਨ, ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੰਦਿਆਂ ਮੋਬਾਇਲ ਫ਼ੋਨ ਨਹੀਂ ਵਰਤਿਆ ਸੀ।

 

ਮੁੰਬਈ ਪੁਲਿਸ ਨੇ ਮੁਲਜ਼ਮਾਂ ਦਾ ਪਤਾ ਲਾਉਣ ਲਈ ਉਸ ਇਲਾਕੇ ਦਾ ਤੜਕੇ 2:18 ਵਜੇ ਦਾ ਮੋਬਾਇਲ ਫ਼ੋਨਾਂ ਦਾ ਡੰਪ ਡਾਟਾ ਕੱਢਿਆ। ਉਸ ਤੋਂ ਬਾਅਦ 3:05 ਵਜੇ ਦਾ ਮੁਲੁੰਡ ਟੋਲ ਨਾਕੇ ਦਾ ਡੰਪ ਡਾਟਾ ਕੱਢਿਆ।

 

ਪੁਲਿਸ ਮੁਤਾਬਕ ਸੀਸੀਟੀਵੀ ਫ਼ੁਟੇਜ ਅਨੁਸਾਰ ਇਨੋਵਾ ਕਾਰ 1:20 ਵਜੇ ਮੁਲੁੰਡ ਟੋਲ ਨਾਕੇ ਨੂੰ ਪਾਰ ਕਰ ਕੇ ਮੰਬਈ ਦੇ ਪ੍ਰਿਅਦਰਸ਼ਨੀ ਪਾਰਕ ਕੋਲ 1:40 ਵਜੇ ਆਉਂਦੀ ਹੈ। ਜਿੱਥੇ ਉਸ ਦੀ ਉਡੀਕ ਸਕੌਰਪੀਓ ਗੱਡੀ ਵਾਲਾ ਕਰ ਰਿਹਾ ਸੀ। ਇਸ ਤੋਂ ਬਾਅਦ ਇਨੋਵਾ ਗੱਡੀ ਅੱਗੇ ਚੱਲੀ ਤੇ ਸਕੌਰਪੀਓ ਪਿੱਛੇ ਚੱਲਦੀ ਰਹੀ। ਉਹ ਅੰਬਾਨੀ ਦੇ ਘਰ ਲਾਗੇ ਪੁੱਜਦੀਆਂ ਹਨ।

 

ਪੁਲਿਸ ਹੁਣ ਤੱਕ 2,000 ਤੋਂ ਵੀ ਵੱਧ ਮੋਬਾਇਲ ਫ਼ੋਨਾਂ ਦੀ ਜਾਂਚ ਕਰ ਚੁੱਕੀ ਹੈ ਪਰ ਕਿਸੇ ਵੀ ਸ਼ੱਕੀ ਵਿਅਕਤੀ ਦਾ ਪਤਾ ਨਹੀਂ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਲਗਾਤਾਰ ਥਾਂ-ਥਾਂ ਲੱਗੇ ਸੀਸੀਟੀਵੀ ਦੀਆਂ ਫ਼ੁਟੇਜ ਵੀ ਖੰਗਾਲ ਰਹੀ ਹੈ।