ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ (Farm Laws) ਵਿਰੁੱਧ ਕਿਸਾਨ ਅੰਦੋਲਨ (Farmers Protest) ਦਾ ਅੱਜ 112ਵਾਂ ਦਿਨ ਹੈ, ਪਰ ਅਜੇ ਤਕ ਇਸ ਰੇੜਕੇ ਦਾ ਕੋਈ ਹੱਲ ਨਿਕਲਦਾ ਨਹੀਂ ਵਿਖਾਈ ਦੇ ਰਿਹਾ। ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ, ਜਦਕਿ ਦੂਜੇ ਪਾਸੇ ਸਰਕਾਰ ਪਿੱਛੇ ਹਟਣ ਲਈ ਤਿਆਰ ਨਹੀਂ। ਗਾਜੀਪੁਰ, ਟਿਕਰੀ ਤੇ ਸਿੰਘੂ ਬਾਰਡਰਾਂ (Ghazipur and Tikri Border) 'ਤੇ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਡਟੇ ਹੋਏ ਹਨ।

Continues below advertisement


ਹਾਲਾਂਕਿ ਉਨ੍ਹਾਂ ਦੀ ਗਿਣਤੀ ਹੁਣ ਕਾਫ਼ੀ ਘੱਟ ਗਈ ਹੈ। ਆਪਣੇ ਅੰਦੋਲਨ ਨੂੰ ਦੁਬਾਰਾ ਤੇਜ਼ ਕਰਨ ਲਈ ਤੇ ਹੋਰ ਮਜ਼ਬੂਤੀ ਨਾਲ ਲੜਨ ਲਈ ਕਿਸਾਨ ਲਗਾਤਾਰ ਨਵੀਂ ਰਣਨੀਤੀ ਬਣਾ ਰਹੇ ਹਨ। ਇੰਨਾ ਹੀ ਨਹੀਂ, ਆਪਣੇ ਨਾਲ ਵੱਧ ਤੋਂ ਵੱਧ ਕਿਸਾਨਾਂ ਨੂੰ ਜੋੜਨ ਲਈ ਕਿਸਾਨ ਜੱਥੇਬੰਦੀਆਂ ਦੇ ਵੱਡੇ ਆਗੂ ਲਗਾਤਾਰ ਪੰਚਾਇਤਾਂ ਤੇ ਮਹਾਂ-ਪੰਚਾਇਤਾਂ ਕਰ ਰਹੇ ਹਨ।


ਖੇਤੀਬਾੜੀ ਕਨੂੰਨਾਂ ਵਿਰੁੱਧ ਪ੍ਰਦਰਸ਼ਨ ਨੂੰ ਕਿਸਾਨ ਹੋਰ ਮਜ਼ਬੂਤੀ ਦੇਣ 'ਚ ਜੁਟੇ ਹੋਏ ਹਨ। ਸੜਕ 'ਤੇ ਸ਼ੁਰੂ ਹੋਈ ਲੜਾਈ ਨੂੰ ਸੜਕ 'ਤੇ ਹੀ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਾਜੀਪੁਰ ਬਾਰਡਰ 'ਤੇ ਕਿਸਾਨਾਂ ਨੇ ਨਵੀਂ ਰਣਨੀਤੀ ਤਹਿਤ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ 'ਤੇ ਆਪਣੇ ਵਾਲੰਟੀਅਰ ਭੇਜਣਗੇ। ਇਹ ਵਾਲੰਟੀਅਰ ਆਮ ਲੋਕਾਂ ਨੂੰ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ।


ਅਕਸਰ, ਅਸੀਂ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ 'ਤੇ ਸਾਮਾਨ ਵੇਚਣ ਵਾਲਿਆਂ ਨੂੰ ਵੇਖਦੇ ਹਾਂ, ਜੋ ਬੱਸ ਅੰਦਰ ਮੁਸਾਫ਼ਰਾਂ ਕੋਲ ਜਾ ਕੇ ਸਾਮਾਨ ਖਰੀਦਣ ਦੀ ਅਪੀਲ ਕਰਦੇ ਹਨ। ਉਸੇ ਤਰਜ਼ 'ਤੇ ਕਿਸਾਨ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੇ ਵਾਲੰਟੀਅਰ ਭੇਜ ਰਹੇ ਹਨ, ਤਾਂ ਕਿ ਇਸ ਅੰਦੋਲਨ ਬਾਰੇ ਮੁਸਾਫ਼ਰਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ।


ਹਾਲਾਂਕਿ, ਗਾਜੀਪੁਰ ਸਰਹੱਦ 'ਤੇ ਬੈਠੇ ਕਿਸਾਨਾਂ ਨੇ ਇਸ ਯੋਜਨਾ 'ਤੇ ਵਿਚਾਰ-ਵਟਾਂਦਰਾ ਕੀਤਾ ਹੈ। ਜਲਦੀ ਹੀ ਉਹ ਇਸ ਬਾਰੇ ਫ਼ੈਸਲਾ ਲੈਣਗੇ ਕਿ ਇਸ ਨੂੰ ਜ਼ਮੀਨੀ ਪੱਧਰ 'ਤੇ ਉਤਾਰਨਾ ਠੀਕ ਰਹੇਗਾ ਜਾਂ ਨਹੀਂ। ਭਾਰਤੀ ਕਿਸਾਨ ਯੂਨੀਅਨ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਦਾ ਕਹਿਣਾ ਹੈ ਕਿ ਬੱਸਾਂ ਤੇ ਰੇਲ ਗੱਡੀਆਂ 'ਚ ਪੈਂਫਲੇਟ ਵੰਡ ਕੇ ਰਾਹਗੀਰਾਂ ਨੂੰ ਅੰਦੋਲਨ ਬਾਰੇ ਜਾਣਕਾਰੀ ਦੇਣਾ ਇਸ ਦਾ ਮੁੱਖ ਉਦੇਸ਼ ਹੋਵੇਗਾ। ਅਸੀਂ ਇਸ 'ਤੇ ਵਿਚਾਰ ਕਰ ਰਹੇ ਹਾਂ।


ਇਸ ਦਾ ਫ਼ੈਸਲਾ ਆਉਣ ਵਾਲੇ ਦਿਨਾਂ 'ਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਯੋਜਨਾ ਸੰਯੁਕਤ ਕਿਸਾਨ ਮੋਰਚੇ ਦੀ ਨਹੀਂ, ਇਹ ਗਾਜੀਪੁਰ ਬਾਰਡਰ 'ਤੇ ਬੈਠੇ ਕਿਸਾਨਾਂ ਦੀ ਯੋਜਨਾ ਹੈ। ਇਸ 'ਚ ਦੋ ਮਿੰਟ ਦਾ ਭਾਸ਼ਣ ਵੀ ਹੋਵੇਗਾ, ਜਿਸ 'ਚ ਕਿਸਾਨ ਅੰਦੋਲਨ ਦੀ ਜਾਣਕਾਰੀ ਪੈਂਫਲੇਟ ਤੋਂ ਇਲਾਵਾ ਬੋਲ ਕੇ ਵੀ ਦੇ ਸਕਦੇ ਹਨ।


ਇਹ ਵੀ ਪੜ੍ਹੋ: ਟਰਾਂਸਪੋਰਟ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ, ਸਿਰ ਤੇ ਬਾਂਹ ਧੜ ਨਾਲੋਂ ਅਲੱਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904