ਚੰਡੀਗੜ੍ਹ: ਕਿਸਾਨਾਂ ਨੇ 26 ਜਨਵਰੀ ਤੋਂ ਬਾਅਦ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਮਹਾਪੰਚਾਇਤਾਂ ਵਾਲਾ ਹਥਿਆਰ ਚੁਣਿਆ ਜਿਸ ਨੇ ਸੰਘਰਸ਼ ਦਾ ਰੂਹ ਹੀ ਬਦਲ ਦਿੱਤਾ ਹੈ। ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਅੰਦਰ ਪਹਿਲੀ ਮਹਾਪੰਚਾਇਤ ਹੋਈ। ਇਸ ਮਹਾਪੰਚਾਇਤ ਵਿੱਚ ਇਕੱਠ ਇੰਨਾ ਸੀ ਕਿ ਸ਼ਾਇਦ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਵਿੱਚ ਵੀ ਇੰਨੇ ਲੋਕ ਨਹੀਂ ਪਹੁੰਚਦੇ।


ਦੱਸ ਦਈਏ ਕਿ ਇਨ੍ਹਾਂ ਕਿਸਾਨ ਮਹਾਂਪੰਚਾਇਤਾਂ ਦੀ ਸ਼ੁਰੂਆਤ ਹਰਿਆਣਾ ਤੋਂ ਹੋਈ ਸੀ। ਇਸ ਮਗਰੋਂ ਯੂਪੀ ਤੇ ਰਾਜਸਥਾਨ ਵਿੱਚ ਮਹਾਪੰਚਾਇਤਾਂ ਹੋਈਆਂ। ਇਨ੍ਹਾਂ ਪੰਚਾਇਤਾਂ ਦਾ ਇਕੱਠ ਵੇਖ ਸਿਆਸੀ ਪਾਰਟੀਆਂ ਦੇ ਵੀ ਹੋਸ਼ ਉੱਡ ਗਏ। ਦੂਜੇ ਪਾਸੇ 26 ਜਨਵਰੀ ਤੋਂ ਬਾਅਦ ਨਿਰਾਸ਼ ਹੋਏ ਕਿਸਾਨ ਲੀਡਰਾਂ ਦੇ ਹੌਸਲੇ ਮੁੜ ਬੁਲੰਦ ਹੋ ਗਏ। ਹੁਣ ਹਾਲਾਤ ਇਹ ਹਨ ਕਿ ਲੋਕ ਆਪ ਮੁਹਾਰੇ ਦਿੱਲੀ ਪਹੁੰਚਣ ਲੱਗੇ ਹਨ।


ਇਹ ਵੀ ਜ਼ਿਕਰਯੋਗ ਤੱਥ ਹੈ ਕਿ ਸ਼ੁਰੂ ਵਿੱਚ ਦਿੱਲੀ ਦੀਆਂ ਹੱਦਾਂ ਉੱਪਰ ਪੰਜਾਬੀ ਹੀ ਨਜ਼ਰ ਆਉਂਦੇ ਸੀ। ਹੁਣ ਹਰਿਆਣਾ ਤੇ ਯੂਪੀ ਦੇ ਕਿਸਾਨਾਂ ਦੀ ਗਿਣਤੀ ਵਧਣ ਲੱਗੀ ਹੈ। ਖਾਸਕਰ ਹਰਿਆਣਾ ਵਿੱਚ ਹੋਈਆਂ ਮਹਾਪੰਚਾਇਤਾਂ ਮਗਰੋਂ ਖਾਪ ਪੰਚਾਇਤਾਂ ਦੀ ਅਗਵਾਈ ਹੇਠ ਦਿੱਲੀ ਜਾਣ ਵਾਲੇ ਹਰਿਆਣਵੀ ਕਿਸਾਨਾਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਵਧ ਗਈ ਹੈ। ਦੂਜੇ ਪਾਸੇ ਸੂਬੇ ਦੇ ਸਾਰੇ ਟੌਲ ਪਲਾਜ਼ੇ, ਕੌਮੀ ਸ਼ਾਹਰਾਹ ਤੇ ਕਾਰਪੋਰੇਟ ਘਰਾਣਿਆਂ ਦੇ ਦਫ਼ਤਰਾਂ ਬਾਹਰ ਦਿੱਤੇ ਜਾਣ ਵਾਲੇ ਧਰਨੇ-ਪ੍ਰਦਰਸ਼ਨਾਂ ਵਿੱਚ ਵੀ ਵੱਡੀ ਗਿਣਤੀ ਲੋਕ ਹਿੱਸਾ ਲੈ ਰਹੇ ਹਨ।


ਹਰਿਆਣਾ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਵਾਗਡੋਰ ਖਾਪ ਪੰਚਾਇਤਾਂ ਨੇ ਸੰਭਾਲ ਲਈ ਹੈ। ਖਾਪ ਪੰਚਾਇਤਾਂ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ ਸੂਬੇ ’ਚ ਵੱਡੇ-ਵੱਡੇ ਇਕੱਠ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਵਿੱਖ ਦੇ ਸਮਾਗਮਾਂ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਸਰਵ ਜਾਤ ਕੰਡੇਲਾ ਖਾਪ ਦੇ ਪ੍ਰਧਾਨ ਟੇਕਰਾਮ ਕੰਡੇਲਾ ਦੀ ਅਗਵਾਈ ਵਿੱਚ ਹਰਿਆਣਵੀਆਂ ਦਾ ਵੱਡਾ ਕਾਫ਼ਲਾ ਟਿੱਕਰੀ ਬਾਰਡਰ ’ਤੇ ਪਹੁੰਚ ਗਿਆ ਹੈ।