ਨਵੀਂ ਦਿੱਲੀ: 26 ਨਵੰਬਰ ਯਾਨੀ ਅੱਜ ਆਮ ਆਦਮੀ ਪਾਰਟੀ ਦੇ ਗਠਨ ਨੂੰ ਪੰਜ ਸਾਲ ਹੋ ਰਹੇ ਹਨ। ਇਸ ਮੌਕੇ ਪਾਰਟੀ ਨੇ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿੱਚ ਸਮਾਗਮ ਰੱਖਿਆ ਹੈ। ਇੱਥੇ ਪੰਜ ਸਾਲਾਂ ਦਾ ਜਸ਼ਨ ਮਨਾਇਆ ਜਾਵੇਗਾ। ਸੂਤਰਾਂ ਮੁਤਾਬਕ ਇਸ ਸਮਾਗਮ ਵਿੱਚ 22 ਸੂਬਿਆਂ ਦੇ ਕਾਰਕੁਨ ਹਿੱਸਾ ਲੈਣਗੇ।
ਆਮ ਆਦਮੀ ਪਾਰਟੀ ਦਾ ਇਹ ਜਸ਼ਨ ਧਮਾਕੇਦਾਰ ਹੋ ਸਕਦਾ ਹੈ। ਅੱਜ ਪਾਰਟੀ ਨਾਲ ਨਾਰਾਜ਼ ਲੱਗ ਰਹੇ ਨੇਤਾ ਤੇ ਕਵੀ ਡਾ. ਕੁਮਾਰ ਵਿਸ਼ਵਾਸ ਵੀ ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਵੀ ਕਰਨਗੇ।
ਕੁਮਾਰ ਵਿਸ਼ਵਾਸ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਅੱਜ ਦੁਪਹਿਰ 3 ਵਜੇ ਪਾਰਟੀ ਵਰਕਰਾਂ ਨਾਲ ਰਾਮ ਲੀਲ੍ਹਾ ਮੈਦਾਨ ਵਿੱਚ ਹੋ ਰਹੀ ਇਕੱਤਰਤਾ ਮੌਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ।
ਇਸ ਬਾਰੇ ਪਾਰਟੀ ਤੋਂ ਕੱਢੇ ਗਏ ਨੇਤਾ ਕਪਿਲ ਮਿਸ਼ਰਾ ਨੇ ਵਿਸ਼ਵਾਸ ਨੂੰ ਅਪੀਲ ਕੀਤੀ ਹੈ ਕਿ ਉਹ ਖੁੱਲ੍ਹ ਕੇ ਆਪਣੀ ਗੱਲ ਕਹਿਣ। ਮਿਸ਼ਰਾ ਨੇ ਟਵੀਟ ਕਰਦਿਆਂ ਕਿਹਾ,"ਭੈਆ, ਭਾਵੇਂ ਸੱਦਾ ਮਿਲਿਆ ਹੋਵੇ ਜਾਂ ਨਾ, ਪਰ ਤੁਹਾਨੂੰ ਰਾਮਲੀਲ੍ਹਾ ਮੈਦਾਨ ਜ਼ਰੂਰ ਜਾਣਾ ਚਾਹੀਦਾ ਹੈ, ਇਹ ਬੰਦ ਕਮਰੇ ਵਾਲੀ NC ਨਹੀਂ, ਭਲਕੇ ਖੁੱਲ੍ਹ ਕੇ ਬੋਲੋ।"