ਹਰਿਆਣਾ: ਫ਼ਿਲਮ ਪਦਮਾਵਤੀ ਬਾਰੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਫ਼ਿਲਮ ਦੇ ਸਮਰਥਨ 'ਚ ਖੜ੍ਹਨ ਤੋਂ ਬਾਅਦ ਬੀਜੇਪੀ ਦੇ ਇੱਕ ਨੇਤਾ ਨੇ ਮੁੱਖ ਮੰਤਰੀ ਨੂੰ ਵੀ ਧਮਕੀ ਦੇ ਦਿੱਤੀ ਹੈ। ਹਰਿਆਣਾ ਬੀਜੇਪੀ ਦੇ ਮੀਡੀਆ ਕੋਆਰਡੀਨੇਟਰ ਸੂਰਜਪਾਲ ਅੱਮੂ ਨੇ ਮਮਤਾ ਬੈਨਰਜੀ ਨੂੰ ਸ਼ਰੂਪਨਖਾ ਦਾ ਉਦਾਹਰਣ ਦਿੱਤਾ ਹੈ।
ਦਰਅਸਲ, ਮਮਤਾ ਬੈਨਰਜੀ ਵਲੋਂ ਫਿਲਮ ਪਦਮਾਵਤੀ ਨੂੰ ਸਮਰਥਨ ਦੇਣ 'ਤੇ ਸੂਰਜ ਪਾਲ ਅੱਮੂ ਨੇ ਕਿਹਾ- ਰਾਕਸ਼ਸਾਂ ਵਰਗੀਆਂ ਹਰਕਤਾਂ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਹਨ, ਜਿਵੇਂ ਸ਼ੂਰਪਨਖਾ ਸੀ। ਸ਼ੂਰਪਨਖਾ ਦਾ ਇਲਾਜ ਲਕਸ਼ਣ ਨੇ ਨੱਕ ਵੱਡ ਕੇ ਕੀਤਾ ਸੀ, ਮਮਤਾ ਬੈਨਰਜੀ ਇਸ ਗੱਲ ਨੂੰ ਨਾ ਭੁੱਲੇ।
ਜ਼ਿਕਰਯੋਗ ਹੈ ਕਿ ਹਰਿਆਣਾ ਬੀਜੇਪੀ ਦੇ ਮੀਡੀਆ ਕੋਆਰਡੀਨੇਟਰ ਸੂਰਜਪਾਲ ਅੱਮੂ ਪਹਿਲਾਂ ਵੀ ਫ਼ਿਲਮ ਪਦਮਾਵਤੀ ਨੂੰ ਲੈ ਕੇ ਵਿਵਾਦਤ ਬਿਆਨ ਦੇ ਚੁੱਕੇ ਹਨ। ਕੁਝ ਦਿਨਾਂ ਪਹਿਲਾਂ ਅੱਮੂ ਨੇ ਸੰਜੇ ਲੀਲਾ ਭੰਸਾਲੀ ਅਤੇ ਦੀਪਿਕਾ ਪਾਦੁਕੋਣ ਦਾ ਸਿਰ ਵੱਡਣ 'ਤੇ 10 ਕਰੋੜ ਦੇਣ ਦਾ ਐਲਾਨ ਕੀਤਾ ਸੀ। ਅਲਾਉਦੀਨ ਬਣਨ ਵਾਲੇ ਰਣਵੀਰ ਕਪੂਰ ਦਾ ਪੈਰ ਤੋੜਣ ਦੀ ਧਮਕੀ ਵੀ ਦਿੱਤੀ ਸੀ।
ਦੂਜੇ ਪਾਸੇ ਪਦਮਾਵਤੀ ਫ਼ਿਲਮ ਦੇ ਕਲਾਕਾਰਾਂ ਨੂੰ ਦਿੱਤੀ ਜਾ ਰਹੀਆਂ ਧਮਕੀਆਂ 'ਤੇ ਮੁਲਕ ਦੇ ਉਪ ਰਾਸ਼ਟਰਪਤੀ ਵੈਂਕੇਆ ਨਾਇਡੂ ਨੇ ਕਿਹਾ ਹੈ ਕਿ ਲੋਕਤੰਤਰ 'ਚ ਇਨ੍ਹਾਂ ਚੀਜ਼ਾਂ ਦੀ ਥਾਂ ਨਹੀਂ ਹੈ। ਨਾਇਡੂ ਨੇ ਕਿਸੇ ਫ਼ਿਲਮ ਜਾਂ ਜੱਥੇਬੰਦੀ ਦਾ ਨਾਂ ਲਏ ਬਿਨਾ ਕਿਹਾ ਕਿ ਇਹ ਨਵੀਂ ਪਰੇਸ਼ਾਨੀ ਹੈ ਕਿ ਕੁਝ ਫ਼ਿਲਮਾਂ ਬਾਰੇ ਲੋਕਾਂ ਨੂੰ ਲੱਗਣ ਲੱਗਿਆ ਹੈ ਕਿ ਉਨ੍ਹਾਂ ਦੀਆਂ ਭਾਵਨਾਵਾਂ, ਧਰਮ ਅਤੇ ਜਾਤ ਦੀ ਬੇਈਜ਼ੱਤੀ ਕੀਤੀ ਜਾ ਰਹੀ ਹੈ, ਉਹ ਵਿਰੋਧ ਸ਼ੁਰੂ ਕਰ ਦਿੰਦੇ ਹਨ ਅਤੇ ਇੰਨਾ ਅੱਗੇ ਚਲਾ ਜਾਉਂਦੇ ਹਨ ਕਿ ਕਿਸੇ ਨੂੰ ਕੁੱਟਣ-ਮਾਰਣ 'ਤੇ ਇਨਾਮ ਦਾ ਐਲਾਨ ਕਰਨ ਲਗ ਪੈਂਦੇ ਹਨ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਲੋਕਾਂ ਕੋਲ ਇੰਨੇ ਰੁਪਏ ਹੁੰਦੇ ਹਨ ਜਾਂ ਨਹੀਂ ਇਸ ਗੱਲ 'ਤੇ ਵੀ ਸ਼ੱਕ ਹੈ। ਮਤਲਬ ਇਕ ਕਰੋੜ ਰੁਪਏ ਹੋਣਾ ਇੰਨਾ ਸੌਖਾ ਹੈ। ਇਹ ਸਾਰਾ ਕੁਝ ਲੋਕਤੰਤਰ 'ਚ ਬਰਦਾਸ਼ਤ ਤੋਂ ਬਾਹਰ ਹੈ। ਸਾਰੇ ਲੋਕਤੰਤਰ ਦੇ ਤਰੀਕੇ ਵਾਂਗ ਰੋਸ਼ ਪ੍ਰਗਟਾ ਸਕਦੇ ਹਨ ਪਰ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਨਹੀਂ ਦਿੱਤੀ ਜਾ ਸਕਦੀ। ਲੋਕਾਂ ਨੂੰ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ।