ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਵਿਵਾਦਗ੍ਰਸਤ ਫ਼ਿਲਮ ਪਦਮਾਵਤੀ ਬਾਰੇ ਦੇਸ਼ ਭਰ 'ਚ ਪੰਗਾ ਪਿਆ ਹੋਇਆ ਹੈ। ਇਸ ਵਿਚਾਲੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਕਿਹਾ ਕਿ ਉਹ ਫ਼ਿਲਮ ਪਦਮਾਵਤੀ ਦੇ ਨਿਰਦੇਸ਼ਕ ਅਤੇ ਉਨ੍ਹਾਂ ਦੀ ਟੀਮ ਨੂੰ ਆਪਣੇ ਸੂਬੇ 'ਚ ਸੱਦਾ ਦੇਣਗੇ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਪ੍ਰੀਮਿਅਰ ਅਤੇ ਰਿਲੀਜ਼ ਲਈ ਖ਼ਾਸ ਇੰਤਜ਼ਾਮ ਵੀ ਕਰ ਕੇ ਦਿੱਤਾ ਜਾਵੇਗੀ।


ਬੈਨਰਜੀ ਨੇ ਕੁਝ ਦਿਨ ਪਹਿਲਾਂ ਟਵੀਟ ਕੀਤਾ ਸੀ ਕਿ ਫ਼ਿਲਮ 'ਤੇ ਵਿਵਾਦ ਹੋਣਾ ਦੇਸ਼ 'ਚ ਪ੍ਰਗਟਾਵੇ ਦੀ ਅਜ਼ਾਦੀ ਨੂੰ ਤਬਾਹ ਕਰਨ ਦੀ ਸਾਜ਼ਿਸ਼ ਹੈ।

ਮਮਤਾ ਨੇ ਕਿਹਾ," ਜੇਕਰ ਉਹ (ਭੰਸਾਲੀ ਅਤੇ ਨਿਰਮਾਤਾ) ਕਿਸੇ ਵੀ ਦੂਜੇ ਸੂਬੇ 'ਚ ਪਦਮਾਵਤੀ ਨੂੰ ਰਿਲੀਜ਼ ਨਹੀਂ ਕਰ ਪਾਉਂਦੇ ਤਾਂ ਅਸੀਂ ਆਪਣੇ ਸੂਬੇ 'ਚ ਖਾਸ ਬੰਦੋਬਸਤ ਕਰਾਂਗੇ। ਇਸ 'ਚ ਬੰਗਾਲ ਨੂੰ ਖੁਸ਼ੀ ਹੋਵੇਗੀ ਅਤੇ ਮਾਣ ਵੀ ਮਹਿਸੂਸ ਹੋਵੇਗਾ। ਸੰਜੇ ਲੀਲਾ ਭੰਸਾਲੀ ਅਤੇ ਉਨ੍ਹਾਂ ਦੀ ਟੀਮ ਦਾ ਸਾਡੇ ਸੂਬੇ 'ਚ ਸਵਾਗਤ ਹੈ।"

ਬੈਨਰਜੀ ਨੇ 20 ਨਵੰਬਰ ਨੂੰ ਟਵੀਟ ਕੀਤਾ ਸੀ ਕਿ ਅਸੀਂ ਸੁਪਰ ਐਮਰਜੈਂਸੀ ਦੀ ਨਿੰਦਾ ਕਰਦੇ ਹਾਂ। ਫ਼ਿਲਮ ਜਗਤ 'ਚ ਸਾਰਿਆਂ ਨੂੰ ਇਕੱਠੇ ਹੋ ਕੇ ਸਾਹਮਣੇ ਆਉਣਾ ਚਾਹੀਦਾ ਹੈ। ਇਸ ਵਰਤਾਰੇ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।