ਨਵੀਂ ਦਿੱਲੀ: ਅਕਟੂਬਰ 'ਚ ਦਿੱਲੀ ਮੈਟਰੋ ਦੇ ਕਿਰਾਏ 'ਚ ਵਾਧੇ ਤੋਂ ਬਾਅਦ ਰੋਜ਼ਾਨਾ ਮੈਟਰੋ ਰਾਹੀਂ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਤਿੰਨ ਲੱਖ ਤੋਂ ਵੀ ਜ਼ਿਆਦਾ ਘੱਟ ਗਈ ਹੈ। ਇਹ ਜਾਣਕਾਰੀ ਇਕ ਆਰ.ਟੀ.ਆਈ. ਦੇ ਜਵਾਬ 'ਚ ਸਾਹਮਣੇ ਆਈ ਹੈ।


ਕਿਰਾਇਆ ਵਧਾਏ ਜਾਣ ਤੋਂ ਬਾਅਦ ਮੁਸਾਫਰਾਂ ਦੀ ਗਿਣਤੀ ਰੋਜ਼ਾਨਾ ਕਰੀਬ 24.2 ਲੱਖ ਰਹਿ ਗਈ ਜਦਕਿ ਸਤੰਬਰ 'ਚ ਔਸਤਨ 27.4 ਲੱਖ ਲੋਕ ਰੋਜ਼ਾਨਾ ਮੈਟਰੋ 'ਚ ਸਫਰ ਕਰਦੇ ਸਨ।

ਇੱਕ ਪੱਤਰਕਾਰ ਵਲੋਂ ਸੂਚਨਾ ਦੇ ਹੱਕ ਵਾਲੇ ਕਾਨੂੰਨ ਤਹਿਤ ਪਾਈ ਆਰਟੀਆਈ ਦੇ ਜਵਾਬ 'ਚ ਦਿੱਲੀ ਮੈਟਰੋ ਨਿਗਮ ਨੇ ਇਹ ਅੰਕੜੇ ਦੱਸੇ ਹਨ। ਮੈਟਰੋ ਦੀ ਸਭ ਤੋਂ ਜ਼ਿਆਦਾ ਚੱਲਣ ਵਾਲੀ ਬਲੂ ਲਾਇਨ 'ਚ ਵੀ ਮੁਸਾਫਰਾਂ ਦੀ ਗਿਣਤੀ 30 ਲੱਖ ਘਟੀ ਹੈ।

ਪੰਜਾਹ ਕਿਲੋਮੀਟਰ ਦੀ ਇਹ ਲਾਈਨ ਦੁਆਰਕਾ ਨੂੰ ਨੋਇਡਾ ਨਾਲ ਜੋੜਦੀ ਹੈ। ਦਿੱਲੀ-ਐਨ.ਸੀ.ਆਰ. 'ਚ ਮੈਟਰੋ ਦੇ ਕੋਲ ਫਿਲਹਾਲ 218 ਕਿਲੋਮੀਟਰ ਦਾ ਨੈਟਵਰਕ ਹੈ।

ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਵੀ ਕਿਰਾਏ 'ਚ ਵਾਧੇ ਦਾ ਵਿਰੋਧ ਕੀਤਾ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਮੈਟਰੋ ਦਾ ਕਿਰਾਇਆ ਵਧਾਉਣ ਕਾਰਨ ਕਿਸੇ ਨੂੰ ਫਾਇਦਾ ਨਹੀਂ ਹੋਇਆ ਹੈ। ਕਈ ਮੁਸਾਫਰ ਹੁਣ ਦੂਜੇ ਤਰੀਕਿਆਂ ਨਾਲ ਸਫਰ ਕਰ ਰਹੇ। ਇਸ ਨਾਲ ਸੜਕਾਂ 'ਤੇ ਟ੍ਰੈਫਿਕ ਮੁੜ ਵੱਧ ਰਿਹਾ ਹੈ।