ਨਵੀਂ ਦਿੱਲੀ- ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਚੱਲ ਰਹੇ ਕੌਮਾਂਤਰੀ ਵਪਾਰ ਮੇਲੇ ਵਿੱਚ ਵਿਦੇਸ਼ੀ ਦੁਕਾਨਦਾਰਾਂ ਨੂੰ ‘ਜੀ ਐਸ ਟੀ’ ਨੇ ਉਲਝਾ ਰੱਖਿਆ ਹੈ। ਇਸ ਵਾਰ ਮੇਲੇ ਦੀ ਰੌਣਕ ਫਿੱਕੀ ਨਜ਼ਰ ਆ ਰਹੀ ਹੈ, ਇਸ ਦੀ ਸ਼ੁਰੂਆਤ ਜ਼ੋਰਦਾਰ ਨਹੀਂ ਰਹੀ।


ਪ੍ਰਗਤੀ ਮੈਦਾਨ ਦਾ ਨਵੀਨੀਕਰਨ ਹੋਣ ਕਰਕੇ ਇਸ ਸਾਲ ਅੱਧੀ ਥਾਂ ਹੀ ਮੇਲਾ ਲਾਇਆ ਗਿਆ ਹੈ ਅਤੇ ਰੋਜ਼ਾਨਾ ਦਰਸ਼ਕਾਂ ਦੀ ਗਿਣਤੀ ਵੀ ਅੱਧੀ ਕਰ ਦਿੱਤੀ ਗਈ ਹੈ। ਦੇਸ਼ ਵਿਦੇਸ਼ ਦੇ ਇਸ ਵਾਰ ਕਰੀਬ 200 ਦੁਕਾਨਦਾਰ ਆਪਣਾ ਸਮਾਨ ਲੈ ਕੇ ਆਏ ਹਨ। ਅਫਗਾਨਿਸਤਾਨ, ਤੁਰਕੀ, ਇਰਾਨ, ਭੂਟਾਨ ਆਦਿ ਤੋਂ ਆਏ ਕਾਰੋਬਾਰੀਆਂ ਨੂੰ ਜੀ ਐਸ ਟੀ ਕਾਰਨ ਪਰੇਸ਼ਾਨੀ ਹੋ ਰਹੀ ਹੈ। ਪਿਛਲੇ ਸਾਲ 6000 ਕੰਪਨੀਆਂ ਜਾਂ ਦੁਕਾਨਦਾਰ ਸ਼ਾਮਲ ਹੋਏ ਸਨ, ਪਰ ਇਸ ਸਾਲ ਇਨ੍ਹਾਂ ਦੀ ਗਿਣਤੀ 3000 ਰਹੀ ਹੈ। ਰਿਪੋਰਟਾਂ ਮੁਤਾਬਕ ਦੁਕਾਨਦਾਰ ਵਪਾਰ ਅੱਧਾ ਰਹਿਣ ਦਾ ਅੰਦਾਜ਼ਾ ਲਾ ਰਹੇ ਹਨ।

ਤੁਰਕੀ ਤੋਂ ਆਏ ਇੱਕ ਕਾਰੋਬਾਰੀ ਮੁਤਾਬਕ ਉਹ 19 ਸਾਲਾਂ ਤੋਂ ਇਥੇ ਵਪਾਰ ਕਰ ਰਹੇ ਹਨ ਅਤੇ ਜੀ ਐਸ ਟੀ ਕਾਰਨ ਇਸ ਵਾਰੀ ਪਰੇਸ਼ਾਨ ਹਨ। ਉਸ ਨੇ 19 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ। 10 ਸਾਲਾਂ ਤੋਂ ਮੇਲੇ ਵਿੱਚ ਆ ਰਹੇ ਇਕ ਅਫਗਾਨਿਸਤਾਨੀ ਨੇ ਦੱਸਿਆ ਕਿ ਉਸ ਕੋਲ ਮਹਿੰਗੇ ਗੱਦੇ ਹਨ, ਪਰ ਲੋਕ ਜੀ ਐਸ ਟੀ ਕਾਰਨ ਇਹ ਖਰੀਦਦੇ ਨਹੀਂ।

ਸ਼ਾਰਜਾਹ ਤੋਂ ਆਏ ਕੱਪੜਾ ਵਪਾਰੀ ਨੇ ਦੱਸਿਆ ਕਿ ਨੋਟਬੰਦੀ ਅਤੇ ਜੀ ਐਸ ਟੀ ਮਗਰੋਂ ਵਧੇ ਟੈਕਸਾਂ ਦੇ ਵਾਧੇ ਕਾਰਨ ਲੋਕ ਦੁਕਾਨਾਂ ਤੋਂ ਦੂਰ ਹਨ। ਵਿਦੇਸ਼ੀ ਸਮਾਨ ਭਾਰਤੀ ਸਮਾਨ ਨਾਲੋਂ ਮਹਿੰਗਾ ਹੋਣ ਕਰਕੇ ਜੀ ਐਸ ਟੀ ਦੀ ਟੈਕਸ ਦਰ ਦਾ ਅਨੁਪਾਤ ਵੀ ਵਧ ਜਾਂਦਾ ਹੈ, ਜੋ ਗ੍ਰਾਹਕ ਦੀ ਜੇਬ ਉੱਤੇ ਭਾਰੀ ਪੈਂਦਾ ਹੈ।