ਸਪਾਈਸ ਜੈੱਟ ਏਅਰਲਾਈਨਜ਼ ਦੀ ਹੈਦਰਾਬਾਦ ਤੋਂ ਜਬਲਪੁਰ ਜਾ ਰਹੀ ਉਡਾਣ ਦੀ ਨਾਗਪੁਰ ਵਿੱਚ ਹੰਗਾਮੀ ਲੈਂਡਿੰਗ ਕਰਵਾਈ ਗਈ। ਮੁਢਲੇ ਕਾਰਨਾਂ ਤੋਂ ਇਹ ਜਾਪਦਾ ਹੈ ਕਿ ਸ਼ਾਰਟ ਸਰਕਟ ਹੋਣ ਕਾਰਨ ਮੁਸਾਫਰਾਂ ਦੇ ਬੈਠਣ ਵਾਲੀ ਥਾਂ ਤੇ ਕੌਕਪਿਟ ਵਿੱਚ ਧੂੰਆਂ ਭਰ ਗਿਆ।
ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਤੋਂ ਬਾਅਦ ਕੋਈ ਵੱਡਾ ਹਾਦਸੇ ਵੀ ਹੋ ਸਕਦਾ ਸੀ। ਪਰ ਐਮਰਜੈਂਸੀ ਲੈਂਡਿੰਗ ਕਾਰਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਇਸ ਧੂੰਏਂ ਕਾਰਨ ਯਾਤਰੀਆਂ ਨੂੰ ਸਾਹ ਲੈਣ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਉਡਾਣ ਦੁਪਿਹਰ 1:20 ਵਜੇ ਹੈਦਰਬਾਦ ਤੋਂ ਉੱਡੀ ਸੀ। ਉਡਾਣ ਹਾਲੇ ਅਧਵਾਟੇ ਹੀ ਸੀ ਕਿ ਜਹਾਜ਼ ਵਿੱਚ ਧੂੰਆਂ ਭਰਨਾ ਸ਼ੁਰੂ ਹੋ ਗਿਆ। ਮੁਸਾਫਰਾਂ ਨੂੰ ਏਅਰਲਾਈਨ 'ਤੇ ਕਾਫੀ ਗੁੱਸਾ ਹੈ ਕਿਉਂਕਿ ਹੰਗਾਮੀ ਲੈਂਡਿੰਗ ਤੋਂ ਬਾਅਦ ਉਹ 4 ਘੰਟੇ ਹਵਾਈ ਅੱਡੇ 'ਤੇ ਖੱਜਲ-ਖੁਆਰ ਹੁੰਦੇ ਰਹੇ ਪਰ ਕੰਪਨੀ ਨੇ ਉਨ੍ਹਾਂ ਲਈ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ।