ਉਡੂਪੀ: ਰਾਮ ਮੰਦਰ ਮੁੱਦੇ 'ਤੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਵੱਡਾ ਬਿਆਨ ਦਿੱਤਾ ਹੈ। ਕਰਨਾਟਕ ਦੇ ਉਡੁਪੀ 'ਚ ਚੱਲ ਰਹੀ ਧਰਮ ਸੰਸਦ ਦੌਰਾਨ ਮੋਹਨ ਭਾਗਵਤ ਨੇ ਕਿਹਾ ਕਿ ਰਾਮ ਜਨਮਭੂਮੀ 'ਤੇ ਸਿਰਫ ਰਾਮ ਮੰਦਰ ਹੀ ਬਣਨਾ ਚਾਹੀਦਾ ਹੈ। ਸੁਪਰੀਮ ਕੋਰਟ 'ਚ 5 ਦਸੰਬਰ ਤੋਂ ਅਯੋਧਿਆ ਮਾਮਲੇ 'ਤੇ ਆਖਰੀ ਸੁਣਵਾਈ ਹੋਣ ਜਾ ਰਹੀ ਹੈ। ਉਸ ਤੋਂ ਪਹਿਲਾਂ ਭਾਗਵਤ ਦੇ ਇਸ ਬਿਆਨ ਦੇ ਵੱਖ-ਵੱਖ ਮਤਲਬ ਕੱਢੇ ਜਾ ਰਹੇ ਹਨ।


ਖਬਰਾਂ ਮੁਤਾਬਕ ਧਰਮ ਸੰਸਦ 'ਚ ਆਰ.ਆਰ.ਐਸ. ਮੁਖੀ ਨੇ ਕਿਹਾ ਕਿ ਰਾਮ ਮੰਦਰ ਦੇ ਉਪਰ ਭਗਵਾ ਝੰਡਾ ਬਹੁਤ ਜਲਦ ਲਹਿਰਾਇਆ ਜਾਵੇਗਾ। ਰਾਮ ਜਨਮ ਭੂਮੀ 'ਤੇ ਹੋਰ ਕੁਝ ਨਹੀਂ ਬਣਾਇਆ ਜਾ ਸਕਦਾ। ਭਾਗਵਤ ਨੇ ਕਿਹਾ ਕਿ ਰਾਮ ਜਨਮਭੂਮੀ 'ਤੇ ਹੀ ਰਾਮ ਮੰਦਰ ਬਣੇਗਾ ਤੇ ਉਸੇ ਪੱਥਰਾਂ ਨਾਲ ਬਣੇਗਾ। ਇਸ ਦੇ ਨਾਲ ਹੀ ਮੋਹਨ ਭਾਗਵਤ ਨੇ ਗੌ ਰੱਖਿਅਕਾਂ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਸਾਨੂੰ ਗਾਂਵਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਜੇਕਰ ਗੌ ਹੱਤਿਆ 'ਤੇ ਬੈਨ ਨਹੀਂ ਲੱਗਦਾ ਤਾਂ ਅਸੀਂ ਸ਼ਾਂਤੀ ਨਾਲ ਨਹੀਂ ਜੀ ਸਕਾਂਗੇ।

ਪਿੱਛੇ ਜਿਹੇ ਆਰਟ ਆਫ ਲੀਵਿੰਗ ਮੁਖੀ ਸ਼੍ਰੀ ਸ਼੍ਰੀ ਰਵਿਸ਼ੰਕਰ ਦੀ ਪਹਿਲ 'ਤੇ ਗੱਲਬਾਤ ਸ਼ੁਰੂ ਹੋਈ ਸੀ। ਇਸ ਤੋਂ ਇਲਾਵਾ ਸ਼ਿਆ ਵਕਫ ਬੋਰਡ ਨੇ ਵੀ ਅਯੋਧਿਆ 'ਚ ਰਾਮ ਮੰਦਰ ਤੇ ਬਾਬਰੀ ਮਸਜਿਦ ਵਿਵਾਦ ਦੇ ਹਲ ਲਈ ਇੱਕ ਮਤਾ ਪੇਸ਼ ਕੀਤਾ ਹੈ। ਸ਼ੀਆ ਵਕਫ ਬੋਰਡ ਨੇ ਜਿਹੜਾ ਮਤਾ ਦਿੱਤਾ ਹੈ, ਉਸ ਮੁਤਾਬਕ ਅਯੋਧਿਆ 'ਚ ਰਾਮ ਮੰਦਰ ਬਣਾਇਆ ਜਾਵੇ ਤੇ ਲਖਨਊ 'ਚ ਮਸਜਿਦ ਬਣੇ। ਬੋਰਡ ਨੇ ਸੁਝਾਅ ਦਿੱਤਾ ਹੈ ਕਿ ਇਸ ਮਸਜਿਦ ਦਾ ਨਾਂ ਕਿਸੇ ਸਾਸ਼ਕ 'ਤੇ ਰੱਖੇ ਜਾਣ ਦੀ ਬਜਾਏ ਇਸ ਦਾ ਨਾਂ ਮਸਜਿਦ-ਏ-ਅਮਨ ਰੱਖਿਆ ਜਾਵੇ।