ਫ਼ਰੀਦਾਬਾਦ : ਪੁਰਾਣੇ ਫ਼ਰੀਦਾਬਾਦ ਦੇ ਖੇੜੀ ਰੋਡ ਸਥਿਤ ਸਵਰਗ ਆਸ਼ਰਮ 'ਚ ਬਾਕਾਇਦਾ ਮੈਨੇਜਮੈਂਟ ਨੇ ਬੋਰਡ ਲੱਗਾ ਕੇ ਚੌਕਸ ਕੀਤਾ ਹੈ- 'ਮ੍ਰਿਤਕ ਦਾ ਆਧਾਰ ਕਾਰਡ ਲਿਆਉਣਾ ਜ਼ਰੂਰੀ ਹੈ, ਨਹੀਂ ਤਾਂ ਸਸਕਾਰ ਨਹੀਂ ਹੋਵੇਗਾ'। -ਬਹੁਕਮ ਫ਼ਰੀਦਾਬਾਦ ਨਗਰ ਨਿਗਮ, ਫ਼ਰੀਦਾਬਾਦ।
ਸ਼ੁੱਕਰਵਾਰ ਸਵੇਰੇ ਸੈਕਟਰ-17 ਵਾਸੀ ਸੰਦੀਪ ਸਿੰਗਲ ਦੇ ਪਿਤਾ ਰਾਜਾ ਰਾਮ ਸਿੰਗਲ ਦੇ ਅੰਤਿਮ ਸਸਕਾਰ 'ਤੇ ਖੇੜੀ ਰੋਡ ਸਥਿਤ ਸਵਰਗ ਆਸ਼ਰਮ 'ਚ ਇਕੱਠੇ ਲੋਕਾਂ ਨੇ ਜਦੋਂ ਇਹ ਬੋਰਡ ਵੇਖਿਆ ਤਾਂ ਕਈ ਨਾਗਰਿਕਾਂ ਨੇ ਇਸ ਹੁਕਮ ਦੀ ਕਾਨੂੰਨੀ ਵੈਧਤਾ ਦੀ ਜਾਣਕਾਰੀ ਲਈ। ਹਾਲਾਂਕਿ ਇਸੇ ਦੌਰਾਨ ਸਵਰਗ ਆਸ਼ਰਮ ਦੀ ਮੈਨੇਜਮੈਂਟ ਦਾ ਕੰਮ ਦੇਖ ਰਹੀ ਫ਼ਰੀਦਾਬਾਦ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਆਰਪੀ ਬਤਰਾ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਲੋਕ ਮ੍ਰਿਤਕ ਦਾ ਵੇਰਵਾ ਰਜਿਸਟਰ 'ਚ ਸਹੀ ਦਰਜ ਕਰਾ ਦਿੰਦੇ ਹਨ ਤਾਂ ਆਧਾਰ ਕਾਰਡ ਲਾਜ਼ਮੀ ਨਹੀਂ ਹੈ। ਬਿਨਾਂ ਆਧਾਰ ਵੀ ਅੰਤਿਮ ਸਸਕਾਰ ਕਰਨ ਦਿੱਤਾ ਜਾਂਦਾ ਹੈ।



ਬਤਰਾ ਦੇ ਮੁਤਾਬਿਕ ਹੁਣ ਤਕ ਕਿਸੇ ਦਾ ਅੰਤਿਮ ਸਸਕਾਰ ਕਰਨ ਤੋਂ ਰੋਕਿਆ ਨਹੀਂ ਗਿਆ ਪਰ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਗ਼ਮਗੀਨ ਮਾਹੌਲ 'ਚ ਲੋਕ ਮ੍ਰਿਤਕ ਦਾ ਨਾਂ ਪੂਰਾ ਨਹੀਂ ਲਿਖਵਾਉਂਦੇ ਜਾਂ ਫਿਰ ਉਨ੍ਹਾਂ ਦਾ ਪਤਾ ਜਾਂ ਪਿਤਾ ਦਾ ਨਾਂ ਗ਼ਲਤ ਲਿਖਵਾ ਦਿੰਦੇ ਹਨ। ਇਸ ਨਾਲ ਉਨ੍ਹਾਂ ਨੂੰ ਨਗਰ ਨਿਗਮ 'ਚ ਮੌਤ ਦਾ ਸਰਟੀਫਿਕੇਟ ਬਣਵਾਉਣ 'ਚ ਪਰੇਸ਼ਾਨੀ ਹੁੰਦੀ ਅਤੇ ਉਹ ਲੋਕ ਫਿਰ ਤੋਂ ਸਵਰਗ ਆਸ਼ਰਮ 'ਚ ਹੋਏ ਸਸਕਾਰ ਦੀ ਪਰਚੀ 'ਤੇ ਨਾਂ ਅਤੇ ਪਤਾ ਠੀਕ ਕਰਾਉਣ ਲਈ ਆਉਂਦੇ ਹਨ। ਇਸ ਨਾਲ ਸਵਰਗ ਆਸ਼ਰਮ ਮੈਨੇਜਮੈਂਟ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ।
ਉਨ੍ਹਾਂ ਦੀ ਸੰਸਥਾ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਇਹ ਫ਼ੈਸਲਾ ਕੀਤਾ ਹੈ। ਇਸ ਨਾਲ ਨਗਰ ਨਿਗਮ ਦੇ ਜਨਮ ਅਤੇ ਮੌਤ ਸਰਟੀਫਿਕੇਟ ਬਣਾਉਣ ਵਾਲੀ ਬਰਾਂਚ ਨੂੰ ਵੀ ਸਹੂਲਤ ਹੁੰਦੀ ਹੈ।

ਸਿਹਤ ਅਧਿਕਾਰੀ, ਨਗਰ ਨਿਗਮ ਫ਼ਰੀਦਾਬਾਦ ਅਨੰਦ ਸਵਰੂਪ ਦਾ ਕਹਿਣਾ ਹੈ ਕਿ ਫ਼ਰੀਦਾਬਾਦ ਨਗਰ ਨਿਗਮ ਨੇ ਅੰਤਿਮ ਸਸਕਾਰ 'ਚ ਆਧਾਰ ਦੀ ਲਾਜ਼ਮੀਅਤਾ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ। ਖੇੜੀ ਰੋਡ ਸਥਿਤ ਸਵਰਗ ਆਸ਼ਰਮ ਦੇ ਬੋਰਡ 'ਚ ਜਿਹੜੀ ਲਾਜ਼ਮੀਅਤਾ ਦੀ ਗੱਲ ਲਿਖੀ ਹੈ ਉਸ ਨੂੰ ਠੀਕ ਕਰਾਇਆ ਜਾਵੇਗਾ। ਆਧਾਰ ਲਾਜ਼ਮੀ ਨਹੀਂ, ਬਲਕਿ ਸਹੀ ਵੇਰਵਾ ਦੇਣਾ ਲਾਜ਼ਮੀ ਹੋਣਾ ਚਾਹੀਦਾ ਹੈ।