ਨਵੀਂ ਦਿੱਲੀ: ਭਾਰਤੀ ਆਰਥਵਿਵਸਥਾ ਵਿੱਚ ਜਾਨ ਫੂਕਣ ਲਈ ਆਰਬੀਆਈ ਨੇ ਡਿਵਿਡੈਂਟ ਤੇ ਸਰਪਲੱਸ ਫੰਡ ਤੋਂ ਮੋਦੀ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਕੁਝ ਅਰਥ ਸ਼ਾਸਤਰੀ ਤੇ ਵਿਰੋਧੀ ਪਾਰਟੀਆਂ ਇਸ ਬਾਰੇ ਸਵਾਲ ਖੜੇ ਕਰ ਰਹੀਆਂ ਹਨ। ਸਵਾਲ ਹੈ ਕਿ ਸਰਕਾਰ ਇਸ ਪੈਸੇ ਦਾ ਇਸਤੇਮਾਲ ਕਿਸ ਫੰਡ ਵਿੱਚ ਕਰੇਗੀ? ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਹੁਣ ਇਸ ‘ਤੇ ਕੁਝ ਵੀ ਸਪੱਸ਼ਟ ਨਹੀਂ ਕੀਤਾ।




ਜਦੋਂ ਸੀਤਾਰਮਨ ਨੂੰ ਪੁੱਛਿਆ ਗਿਆ ਕਿ ਸਰਕਾਰ ਇਸ ਪੈਸੇ ਦੀ ਕਿਸ ਫੰਡ ਦੇ ਅਧੀਨ ਵਰਤੋਂ ਕਰੇਗੀ ਤਾਂ ਉਨ੍ਹਾਂ ਜਵਾਬ ਦਿੱਤਾ, 'ਇਸ ਦੀ ਵਰਤੋਂ ਕਿਵੇਂ ਕਰਾਂਗੇ ਮੈਂ ਇਸ 'ਤੇ ਅਜੇ ਨਹੀਂ ਬੋਲਾਂਗੀ। ਫੈਸਲਾ ਲੈਣ 'ਤੇ ਦੱਸਿਆ ਜਾਵੇਗਾ।' ਵਿੱਤ ਮੰਤਰੀ ਨੇ ਕਿਹਾ, 'ਇਹ ਕਮੇਟੀ (ਬਿਮਲ ਜਲਾਨ ਕਮੇਟੀ) ਆਰਬੀਆਈ ਦੁਆਰਾ ਬਣਾਈ ਗਈ ਸੀ, ਉਨ੍ਹਾਂ ਨੇ ਇੱਕ ਫਾਰਮੂਲਾ ਦਿੱਤਾ ਸੀ ਜਿਸ ਦੇ ਅਧਾਰ ‘ਤੇ ਰਕਮ ਦਿੱਤੀ ਗਈ ਹੈ, ਹੁਣ ਆਰਬੀਆਈ ਦੀ ਭਰੋਸੇਯੋਗਤਾ ‘ਤੇ ਸਵਾਲ ਮੇਰੀ ਸਮਝ ਤੋਂ ਬਾਹਰ ਹੈ।'


ਇਸ ਦੇ ਨਾਲ ਹੀ ਨਿਰਨਲਾ ਸੀਤਾਰਮਨ ਨੇ ਰਾਹੁਲ ਗਾਂਧੀ ਨੂੰ ਵੀ ਕਰਾਰਾ ਜਵਾਬ ਦਿੱਤਾ। ਉਨ੍ਹਾਂ ਰਾਹੁਲ ਗਾਂਧੀ ਦੇ ਟਵੀਟ ‘ਤੇ ਕਿਹਾ ਕਿ ਉਨ੍ਹਾਂ ਨੂੰ ਚੋਰ ਕਹਿਣ ਦੀ ਆਦਤ ਹੈ। ਦੱਸ ਦੇਈਏ ਰਾਹੁਲ ਗਾਂਧੀ ਨੇ ਕਿਹਾ ਸੀ, 'ਪ੍ਰਧਾਨਮੰਤਰੀ ਤੇ ਵਿੱਤ ਮੰਤਰੀ ਇਸ ਗੱਲ ਤੋਂ ਅਣਜਾਣ ਹਨ ਕਿ ਆਪਣੇ ਵੱਲੋਂ ਪੈਦਾ ਕੀਤੇ ਆਰਥਿਕ ਮੰਦੀ ਨੂੰ ਕਿਵੇਂ ਦੂਰ ਕੀਤਾ ਜਾਵੇ। ਆਰਬੀਆਈ ਤੋਂ ਚੋਰੀ ਕਰਨ ਨਾਲ ਕੰਮ ਨਹੀਂ ਚੱਲੇਗਾ। ਇਹ ਇੱਕ ਡਿਸਪੈਂਸਰੀ ਤੋਂ ਬੈਂਡ-ਏਡ ਚੋਰੀ ਕਰਕੇ ਗੋਲੀ ਲੱਗਣ ਨਾਲ ਹੋਏ ਜ਼ਖ਼ਮ 'ਤੇ ਲਾਉਣ ਵਰਗਾ ਹੈ।'