ਚੰਡੀਗੜ੍ਹ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਇੱਕ ਵਾਰ ਫਿਰ ਤੋਂ 20 ਲੱਖ ਕਰੋੜ ਦੇ ਵਿੱਤੀ ਪੈਕੇਜ ਨਾਲ ਜੁੜੇ ਵੇਰਵੇ ਦੱਸੇਗੀ। ਮੰਨਿਆ ਜਾ ਰਿਹਾ ਹੈ ਕਿ ਸੀਤਾਰਮਨ ਖੇਤੀਬਾੜੀ ਤੇ ਉਸ ਨਾਲ ਜੁੜੀਆਂ ਗਤੀਵਿਧੀਆਂ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਸਪਲਾਈ ਚੇਨ ਨੂੰ ਦਰੁਸਤ ਕਰਨ ਲਈ ਮੋਦੀ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੇ ਜਾਣ ਦੀ ਉਮੀਦ ਹੈ।

ਮੋਦੀ ਨੇ ਮੰਗਲਵਾਰ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ 20 ਲੱਖ ਕਰੋੜ ਰੁਪਏ ਦਾ ਪੈਕੇਜ ਐਲਾਨਿਆ ਸੀ। ਇਸ ਦੀ ਪਹਿਲੀ ਕਿਸ਼ਤ ਦਾ ਬਿਓਰਾ ਵਿੱਤ ਮੰਤਰੀ ਨੇ ਬੁੱਧਵਾਰ ਦਿੱਤਾ ਸੀ ਤੇ ਅੱਜ ਉਹ ਦੂਜੀ ਕਿਸ਼ਤ ਦਾ ਬਿਓਰਾ ਦੇਣਗੇ।

ਉਧਰ, ਵਿਰੋਧੀ ਧਿਰਾਂ ਇਸ ਪੈਕੇਜ 'ਤੇ ਲਗਾਤਾਰ ਮੋਦੀ ਸਰਕਾਰ ਨੂੰ ਘੇਰ ਰਹੀਆਂ ਹਨ। ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਕੇਂਦਰ ਦੇ ਕੋਵਿਡ-19 ਆਰਥਿਕ ਰਾਹਤ ਪੈਕੇਜ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਸ ’ਚ ਲੱਖਾਂ ਗਰੀਬਾਂ ਤੇ ਭੁੱਖੇ-ਭਾਣੇ ਪਰਵਾਸੀ ਕਾਮਿਆਂ ਲਈ ਕੁਝ ਵੀ ਨਹੀਂ ਹੈ ਜੋ ਪੈਦਲ ਆਪਣੇ ਜੱਦੀ ਘਰਾਂ ਨੂੰ ਜਾਣ ਲਈ ਮਜਬੂਰ ਹਨ।

ਵੀਡੀਓ ਕਾਨਫਰੰਸ ਰਾਹੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰੀਆਂ ਲਈ ਤਿੰਨ ਲੱਖ ਕਰੋੜ ਰੁਪਏ ਦੇ ਬਿਨਾਂ ਗਾਰੰਟੀ ਦੇ ਕਰਜ਼ਿਆਂ ਦਾ ਐਲਾਨ ਕੀਤਾ ਗਿਆ ਹੈ ਪਰ ਬਾਕੀ ਦਾ ‘16.4 ਲੱਖ ਕਰੋੜ ਰੁਪਇਆ’ ਕਿਥੇ ਹੈ? ਉਨ੍ਹਾਂ ਕਿਹਾ ਕਿ ਸਰਕਾਰ ਸੂਬਿਆਂ ਨੂੰ ਹੋਰ ਉਧਾਰ ਲੈਣ ਦੀ ਖੁੱਲ੍ਹ ਦੇਵੇ ਅਤੇ ਜ਼ਿਆਦਾ ਰਕਮ ਖ਼ਰਚੇ। ਚਿਦੰਬਰਮ ਨੇ ਕਿਹਾ ਕਿ ਸਰਕਾਰ ਹੇਠਲੇ ਤਬਕੇ ਦੇ 13 ਕਰੋੜ ਪਰਿਵਾਰਾਂ ਨੂੰ 5-5 ਹਜ਼ਾਰ ਰੁਪਏ ਦੇਵੇ ਤੇ ਇਸ ’ਤੇ ਸਿਰਫ਼ 65 ਹਜ਼ਾਰ ਕਰੋੜ ਰੁਪਏ ਦਾ ਖ਼ਰਚਾ ਆਵੇਗਾ।

ਇਹ ਵੀ ਪੜ੍ਹੋ: ਕੈਪਟਨ ਸਰਕਾਰ 'ਤੇ ਸੰਕਟ ਦੇ ਬੱਦਲ, ਆਪਣੇ ਹੀ ਵਿਧਾਇਕਾਂ ਤੇ ਵਜ਼ੀਰਾਂ ਨੇ ਖੋਲ਼੍ਹਿਆ ਮੋਰਚਾ

ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਹਰੇਕ ਖੇਤਰ ਨੂੰ ਵਿੱਤੀ ਸਹਾਇਤਾ ਦੇਵੇ। ਇਸ ਤੋਂ ਪਹਿਲਾਂ ਉਨ੍ਹਾਂ ਟਵਿਟਰ ’ਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕਰਕੇ ‘ਸੁਰਖੀ’ ਤਾਂ ਦਿੱਤੀ ਪਰ ਉਹ ‘ਪੰਨਾ ਖਾਲੀ’ ਛੱਡ ਗਏ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ