ਨਵੀਂ ਦਿੱਲੀ: ਸਿਗਨੇਚਰ ਬ੍ਰਿਜ ਹੰਗਾਮਾ ਕੇਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ 'ਆਪ' ਵਿਧਾਇਕ ਅਮਾਨਤੁੱਲਾ ਖ਼ਾਨ ਖ਼ਿਲਾਫ਼ ਗ਼ੈਰ ਇਰਾਦਤਨ ਹੱਤਿਆ ਦਾ ਕੇਸ ਦਰਜ ਕਰਵਾ ਦਿੱਤਾ ਹੈ। ਤਿਵਾਰੀ ਨੇ ਅਪਰਾਧਿਕ ਸਾਜ਼ਿਸ਼ ਰਚਣ (ਧਾਰਾ 120ਬੀ) ਤੋਂ ਲੈਕੇ ਗ਼ੈਰ ਇਰਾਦਤਨ ਕਤਲ (ਧਾਰਾ 308) ਗ਼ੈਰ ਛੇ ਧਾਰਾਵਾਂ ਤਹਿਤ ਐਫਆਈਆਰ ਲਿਖਵਾਈ ਹੈ।
ਤਿਵਾਰੀ ਦਾ ਇਹ ਕਦਮ ਆਮ ਆਦਮੀ ਪਾਰਟੀ ਦੇ ਕਾਰਕੁੰਨ ਤੌਕੀਰ ਖ਼ਾਨ ਦੀ ਸ਼ਿਕਾਇਤ 'ਤੇ ਬੀਤੇ ਦਿਨ ਮਨੋਜ ਤਿਵਾਰੀ ਅਤੇ ਬੀਜੇਪੀ ਵਰਕਰ ਖ਼ਿਲਾਫ਼ ਧਾਰਾ 506, 34 ਤਹਿਤ ਕੇਸ ਦਰਜ ਕੀਤਾ ਗਿਆ ਹੈ। 'ਆਪ' ਦਾ ਇਲਜ਼ਾਮ ਹੈ ਕਿ ਤਿਵਾਰੀ ਨੇ ਸਿਗਨੇਚਰ ਬ੍ਰਿਜ ਦੇ ਉਦਘਾਟਨ ਮੌਕੇ ਹੱਲਾ ਕੀਤਾ ਸੀ। ਤੀਜੀ ਐਫਆਈਆਰ ਬੀਜੇਪੀ ਵਰਕਰ ਵੀ.ਐਨ. ਝਾਅ ਦੀ ਸ਼ਿਕਾਇਤ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਅਤੇ ਸੰਜੀਵ ਝਾਅ ਵਿਰੁੱਧ ਦਰਜ ਕੀਤੀ ਗਈ ਹੈ। ਇਨ੍ਹਾਂ ਤਿੰਨਾਂ ਮਾਮਲਿਆਂ ਦੀ ਜਾਂਚ ਕ੍ਰਾਈਮ ਬ੍ਰਾਂਚ ਕਰ ਰਹੀ ਹੈ।
'ਆਪ' ਦੇ ਵਿਧਾਇਕ ਅਮਾਨਤੁੱਲਾ ਖ਼ਾਨ ਨੇ ਦੋਸ਼ ਲਾਇਆ ਕਿ ਸਿਗਨੇਚਰ ਬ੍ਰਿਜ ਦੇ ਉਦਘਾਟਨ ਸਮੇਂ ਬਗ਼ੈਰ ਸੱਦੇ ਤੋਂ ਪਹੁੰਚੇ ਮਨੋਜ ਤਿਵਾਰੀ ਅਤੇ ਬੀਜੇਪੀ ਕਾਰਕੁੰਨਾਂ ਨੇ 'ਆਪ' ਵਰਕਰਾਂ ਤੇ ਪੁਲਿਸ ਅਧਿਕਾਰੀਆਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਸੰਬੋਧਨ ਦੌਰਾਨ ਉਨ੍ਹਾਂ ਸਟੇਜ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਗਾਲ਼ੀ-ਗਲੋਚ ਕਰਦਿਆਂ ਸਟੇਜ ਵੱਲ ਬੋਤਲਾਂ ਸੁੱਟੀਆਂ।