ਨਵੀਂ ਦਿੱਲੀ: ਫ਼ਰੀਦਾਬਾਦ ਦੇ ਬਾਟਾ ਹਾਰਡਵੇਅਰ ਚੌਕ ਸਥਿਤ ਟਾਟਾ ਸਟੀਲ ਪਲਾਂਟ ਵਿੱਚ ਇੱਕ ਸਾਬਕਾ ਮੁਲਾਜ਼ਮ ਵਿਸ਼ਵਾਸ ਪਾਂਡੇ ਨੇ ਸੀਨੀਅਰ ਮੈਨੇਜਰ ਅਰਿੰਦਮ ਪਾਲ ਨੂੰ ਉਸਦੇ ਦਫ਼ਤਰ ਅੰਦਰ ਹੀ ਗੋਲ਼ੀ ਮਾਰ ਦਿੱਤੀ। ਜ਼ਖ਼ਮੀ ਮੈਨੇਜਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਮੈਨੇਜਰ ਕੋਲਕਾਤਾ ਦਾ ਰਹਿਣ ਵਾਲਾ ਸੀ ਜਦਕਿ ਵਿਸ਼ਵਾਸ, ਪ੍ਰਯਾਗਰਾਜ (ਇਲਾਹਾਬਾਦ) ਦਾ ਵਸਨੀਕ ਸੀ।



ਮੁਲਜ਼ਮ ਵਿਸ਼ਵਾਸ ਪਾਂਡੇ 5 ਤੋਂ 6 ਮਹੀਨੇ ਪਹਿਲਾਂ ਟਾਟਾ ਸਟੀਲ ਪਲਾਂਟ ਵਿੱਚ ਕੰਮ ਕਰਦਾ ਸੀ। ਉਸਦੇ ਮਾੜੇ ਵਿਹਾਰ ਦੀ ਵਜ੍ਹਾ ਕਰਕੇ ਉਸਨੂੰ ਕੰਪਨੀ ਤੋਂ ਕੱਢ ਦਿੱਤਾ ਗਿਆ ਸੀ। ਸ਼ੁੱਕਰਵਾਰ ਕਰੀਬ 2 ਵਜੇ ਦੇ ਆਸਪਾਸ ਵਿਸ਼ਵਾਸ ਕੰਪਨੀ ਦੇ ਗੇਟ ’ਤੇ ਪੁੱਜਾ ਤੇ ਕੰਪਨੀ ਦਾ ਸਾਬਕਾ ਮੁਲਾਜ਼ਮ ਹੋਣ ਦਾ ਫਾਇਦਾ ਚੁੱਕਦਿਆਂ ਅੰਦਰ ਦਾਖ਼ਲ ਹੋ ਗਿਆ। ਉਹ ਸਿੱਧਾ ਮੈਨੇਜਰ ਦੇ ਦਫ਼ਤਰ ਅੰਦਰ ਪੁੱਜਾ ਤੇ ਪਿਸਤੌਲ ਕੱਢ ਕੇ ਮੈਨੇਜਰ ਨੂੰ ਗੋਲ਼ੀ ਮਾਰ ਦਿੱਤੀ। ਗੋਲ਼ੀ ਮਾਰ ਕੇ ਉਹ ਤੁਰੰਤ ਮੌਕੇ ਤੋਂ ਆਰਾਮ ਨਾਲ ਫਰਾਰ ਹੋ ਗਿਆ।

ਘਟਨਾ ਦੀ ਜਾਣਕਾਰੀ ਮਿਲਣ ਬਾਅਦ ਪੁਲਿਸ ਤੇ ਕ੍ਰਾਈਮ ਬਰਾਂਚ ਟੀਮ ਮੌਕੇ ’ਤੇ ਪੁੱਜ ਗਈਆਂ ਤੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਵਿਸ਼ਵਾਸ ਪਾਂਡੇ ਆਪਣੀ ਨੌਕਰੀ ਜਾਣ ਲਈ ਮੈਨੇਜਰ ਅਰਿੰਦਮ ਨੂੰ ਜ਼ਿੰਮੇਵਾਰ ਮੰਨਦਾ ਸੀ। ਇਸੇ ਕਰਕੇ ਉਸਨੇ ਮੈਨੇਜਰ ਦਾ ਕਤਲ ਕਰ ਦਿੱਤਾ। ਮ੍ਰਿਤਕ ਮੈਨੇਜਰ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਵਿਸ਼ਵਾਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।