ਨਵੀਂ ਦਿੱਲੀ: ਆਧਾਰ ਡੇਟਾ ਲੀਕ ਹੋਣ ਦੀ ਖ਼ਬਰ ਛਾਪਣ ਦਾ ਵਿਵਾਦ ਭਖ਼ ਗਿਆ ਹੈ। ਐਡੀਟਰਜ਼ ਗਿਲਡ ਆਫ ਇੰਡੀਆ ਨੇ 'ਦ ਟ੍ਰਿਬੀਊਨ' ਦੀ ਰਿਪੋਰਟਰ ਰਚਨਾ ਖਹਿਰਾ ਵਿਰੁੱਧ ਕੇਸ ਦਰਜ ਹੋਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।


ਐਡੀਟਰਜ਼ ਗਿਲਡ ਨੇ ਕਿਹਾ ਕਿ ਰਿਪੋਰਟਰ ਨੇ ਜਨਹਿੱਤ ਵਿੱਚ ਆਪਣੀ ਜ਼ਿੰਮੇਵਾਰੀ ਸਮਝਦਿਆਂ ਖ਼ਬਰ ਛਾਪੀ। ਆਧਾਰ ਦੀ ਦੇਖਰੇਖ ਕਰਨ ਵਾਲੀ ਸੰਸਥਾ ਨੂੰ ਚਾਹੀਦਾ ਹੈ ਕਿ ਉਹ ਰਿਪੋਰਟਰ 'ਤੇ ਕੇਸ ਦਰਜ ਕਰਨ ਦੀ ਥਾਂ 'ਤੇ ਇਸ ਦੀ ਜਾਂਚ ਕਰਵਾਏ। ਆਧਾਰ ਦੀ ਦੇਖ ਰੇਖ ਕਰਨ ਵਾਲੀ ਸੰਸਥਾ UIDAI ਨੇ ਟ੍ਰਿਬੀਊਨ ਦੀ ਰਿਪੋਰਟ ਨੂੰ ਖਾਰਿਜ ਕਰਦਿਆਂ ਕਿਹਾ ਕਿ ਆਧਾਰ ਦਾ ਡੇਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਕੀ ਹੈ ਪੂਰਾ ਮਾਮਲਾ-

3 ਜਨਵਰੀ ਨੂੰ ਟ੍ਰਿਬੀਊਨ ਨੇ ਆਧਾਰ ਡੇਟਾ ਵਿਕਣ ਦੀ ਖ਼ਬਰ ਛਪੀ ਸੀ, ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ 500 ਰੁਪਏ ਵਿੱਚ ਆਧਾਰ ਡੇਟਾ ਨੂੰ ਖਰੀਦਿਆ ਜਾ ਸਕਦਾ ਹੈ। ਰਿਪੋਰਟਰ ਨੇ ਖ਼ੁਦ ਪਛਾਣ ਗੁਪਤ ਰੱਖ ਕੇ ਪੂਰੀ ਜਾਣਕਾਰੀ ਇਕੱਠੀ ਕਰ ਲਈ ਸੀ। ਖ਼ਬਰ ਦੇ ਪ੍ਰਕਾਸ਼ਿਤ ਹੁੰਦੇ ਹੀ ਮਾਮਲੇ ਨੇ ਤੂਲ ਫੜ ਲਿਆ।

ਮਾਮਲਾ ਵਧਦਾ ਦੇਖ UIDAI ਨੇ ਇਸ ਖ਼ਬਰ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਇੰਨਾ ਹੀ ਨਹੀਂ ਸੰਸਥਾ ਨੇ ਪੱਤਰਕਾਰ ਤੇ ਅਖ਼ਬਾਰ ਦੇ ਮਾਲਕ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਹੈ।

ਪੂਰੇ ਮਾਮਲੇ ਵਿੱਚ ਬੀ.ਏ.ਈ. ਦੇ ਮੈਂਬਰ ਤੇ ਸੀਨੀਅਰ ਪੱਤਰਕਾਰ ਐਨ.ਕੇ. ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਇਸੇ ਤਰ੍ਹਾਂ ਵਿਰੋਧ ਵਿੱਚ ਮੁਕੱਦਮੇ ਦਰਜ ਕਰਵਾਉਂਦੀ ਰਹੀ ਤਾਂ ਪੱਤਰਕਾਰੀ ਖ਼ਤਰੇ ਵਿੱਚ ਆ ਜਾਵੇਗੀ।