ਨਵੀਂ ਦਿੱਲੀ: ਗੁਜਰਾਤ ਦੇ ਰਾਜਕੋਟ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਕਾਲਜ ਵਿੱਚ ਪੜ੍ਹਾਉਣ ਵਾਲੇ ਪ੍ਰੋਫੈਸਰ ਸੰਦੀਪ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਉਸ ਦੀ ਮਾਂ ਬਿਮਾਰ ਰਹਿੰਦੀ ਸੀ। ਇਸੇ ਕਾਰਨ ਪਰਿਵਾਰ ਵਿੱਚ ਤਣਾਅ ਚੱਲ ਰਿਹਾ ਸੀ।


ਇਸੇ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਪ੍ਰੋਫੈਸਰ ਨੇ ਆਪਣੀ ਮਾਂ ਨੂੰ ਛੱਤ ਤੋਂ ਥੱਲੇ ਸੁੱਟ ਦਿੱਤਾ। ਉਸ ਦੀ ਮਾਂ ਟੀਚਰ ਰਹਿ ਚੁੱਕੀ ਸੀ। ਜਿਸ ਵੇਲੇ ਤੱਕ ਉਹ ਠੀਕ ਸੀ, ਸਭ ਕੁਝ ਠੀਕ ਚੱਲ ਰਿਹਾ ਸੀ ਪਰ ਵਧਦੀ ਉਮਰ 'ਤੇ ਕਿਸ ਦਾ ਜ਼ੋਰ ਚੱਲਦਾ ਹੈ। ਉਹ ਬਿਮਾਰ ਹੋਈ ਤਾਂ ਕੋਈ ਉਸ ਦੀ ਸੇਵਾ ਨਹੀਂ ਕਰਨਾ ਚਾਹੁੰਦਾ ਸੀ। ਅਜਿਹੇ ਵਿੱਚ ਮੁੰਡਾ ਹੀ ਮਾਂ ਦਾ ਕਾਤਲ ਬਣ ਗਿਆ।

ਇਸ ਮਾਮਲੇ ਬਾਰੇ ਦਿੱਲੀ ਦੇ ਸਾਇਕੋਲੋਜੀਕਲ ਡਾਕਟਰ ਅਨੁਨੀਤ ਸਭਰਵਾਲ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਇਹ ਇਨਸਾਨ ਕਿਸੇ ਮਾਨਸਿਕ ਪ੍ਰੇਸ਼ਾਨੀ ਤੋਂ ਲੰਘ ਰਿਹਾ ਹੋਵੇਗਾ। ਗ਼ੁੱਸੇ ਵਿੱਚ ਕਤਲ ਕਰਨਾ ਅਲੱਗ ਗੱਲ ਹੁੰਦੀ ਹੈ ਪਰ ਜਿਸ ਤਰ੍ਹਾਂ ਉਸ ਨੇ ਸੋਚ-ਸਮਝ ਕੇ ਆਪਣੀ ਮਾਂ ਨੂੰ ਥੱਲੇ ਸੁੱਟਿਆ ਉਸ ਤੋਂ ਲੱਗਦਾ ਹੈ ਕਿ ਜਾਂ ਤਾਂ ਉਹ ਪ੍ਰੇਸ਼ਾਨ ਸੀ ਜਾਂ ਨਿਰਾਸ਼। ਹੋ ਸਕਦਾ ਹੈ ਕਿ ਉਸ ਨੇ ਇਹ ਸੋਚਿਆ ਹੋਵੇ ਕਿ ਇਸ ਤਰ੍ਹਾਂ ਉਹ ਆਪਣੀ ਮਾਂ ਨੂੰ ਪ੍ਰੇਸ਼ਾਨ ਜ਼ਿੰਦਗੀ ਤੋਂ ਮੁਕਤ ਕਰ ਦੇਵੇਗਾ।

ਪੁਲਿਸ ਨੂੰ ਇਹ ਮਾਮਲਾ ਇੱਕ ਹਾਦਸਾ ਹੀ ਲੱਗ ਰਿਹਾ ਸੀ ਪਰ ਉਸ ਨੂੰ ਇੱਕ ਗੁਮਨਾਮ ਚਿੱਠੀ ਮਿਲੀ। ਇਸ ਵਿੱਚ ਸੰਦੀਪ ਦੀ ਪੂਰੀ ਕਰਤੂਤ ਬਾਰੇ ਲਿਖਿਆ ਹੋਇਆ ਸੀ। ਪੁਲਿਸ ਨੂੰ ਸਬੂਤ ਕਿੱਥੋਂ ਮਿਲੇਗਾ, ਇਹ ਵੀ ਲਿਖਿਆ ਸੀ। ਪੁਲਿਸ ਨੇ ਜਦ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਮਾਮਲਾ ਖੁੱਲ੍ਹ ਗਿਆ।

ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਸੀ ਕਿ ਕਿਸ ਤਰ੍ਹਾਂ ਸੰਦੀਪ ਆਪਣੀ ਮਾਂ ਨੂੰ ਛੱਤ 'ਤੇ ਲੈ ਕੇ ਗਿਆ ਤੇ ਉੱਥੋਂ ਧੱਕਾ ਮਾਰ ਦਿੱਤਾ। ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਬੱਚਿਆਂ ਕੋਲ ਆਪਣੇ ਮਾਂ-ਪਿਓ ਲਈ ਵਕਤ ਨਹੀਂ ਹੈ। ਅਜਿਹੇ ਵਿੱਚ ਬਜ਼ੁਰਗਾਂ ਦੀ ਦੇਖਭਾਲ ਇੱਕ ਵੱਡਾ ਮਸਲਾ ਬਣਦਾ ਜਾ ਰਿਹਾ ਹੈ।