ਨਵੀਂ ਦਿੱਲੀ: ਗੁਰੂਗ੍ਰਾਮ ਵਿੱਚ ਪੰਜ ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਵਿੱਚ ਕਾਂਗਰਸ ਦੇ ਪੰਜਾਲ਼ੀ ਪੈ ਗਈ ਹੈ। ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰੌਬਰਟ ਵਾਡਰਾ ਵਿਰੁੱਧ ਪਹਿਲੀ ਵਾਰ ਥੋਖਾਧੜੀ ਸਮੇਤ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ ਹੋ ਗਿਆ ਹੈ। ਵਾਡਰਾ ਦੇ ਨਾਲ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਵੀ ਇੱਕ ਹੋਰ ਐਫਆਈਆਰ ਦਰਜ ਹੋਈ ਹੈ। ਗੁਰੂਗ੍ਰਾਮ-ਮਾਨੇਸਰ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਕਾਲੋਨੀਆਂ ਵਿਕਸਤ ਕਰਵਾਉਣ ਵਿੱਚ ਪੰਜ ਹਜ਼ਾਰ ਕਰੋੜ ਰੁਪਏ ਦਾ ਮੁਨਾਫਾ ਕਮਾਉਣ ਦੇ ਦੋਸ਼ ਵਿੱਚ ਐੱਫਆਈਆਰ ਦਰਜ ਕਰ ਕੀਤੀ ਗਈ ਹੈ। ਇਹ ਕੇਸ ਰਾਠੀਵਾਸ ਪਿੰਡ ਦੇ ਵਾਸੀ ਸੁਰਿੰਦਰ ਸ਼ਰਮਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਕਿੰਨ੍ਹਾਂ 'ਤੇ ਹੋਇਆ ਕੇਸ ਦਰਜ- ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਾਬਰਟ ਵਾਡਰਾ, ਡੀਐੱਲਐੱਫ ਅਤੇ ਓਂਕਾਰੇਸ਼ਵਰ ਪ੍ਰਾਪਰਟੀ ਨੇ ਮਿਲ ਕੇ ਕਰੀਬ 5 ਹਜ਼ਾਰ ਕਰੋੜ ਰੁਪਏ ਦਾ ਲਾਭ ਹਾਸਲ ਕੀਤਾ ਸੀ ਤੇ ਇਸ ਲਈ ਸੱਤਾ ਅਤੇ ਪ੍ਰਸ਼ਾਸਨ ਦੀ ਦੁਰਵਰਤੋਂ ਕੀਤੀ ਗਈ। ਪੁਲੀਸ ਦੇ ਬੁਲਾਰੇ ਸੁਭਾਸ਼ ਬੋਕਨ ਨੇ ਦੱਸਿਆ ਕਿ ਧਾਰਾ 120 ਬੀ, 420, 467, 468 ਅਤੇ 471 ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੀ ਹੈ ਪੂਰਾ ਮਾਮਲਾ- ਦਰਅਸਲ, ਸ਼ਰਮਾ ਵੱਲੋਂ ਪੁਲੀਸ ਨੂੰ ਮਿਲੀ ਸ਼ਿਕਾਇਤ ਵਿੱਚ ਦੱਸਿਆ ਕਿ ਸਾਲ 2007 ਵਿੱਚ ਸਕਾਈਲਾਈਟ ਹੌਸਪੈਟੇਲਿਟੀ ਕੰਪਨੀ ਦੀ ਰਜਿਸਟ੍ਰੇਸ਼ਨ ਹੋਈ ਅਤੇ ਕੰਪਨੀ ਕੋਲ ਕੁੱਲ ਪੂੰਜੀ ਇੱਕ ਲੱਖ ਰੁਪਏ ਸੀ। ਕੰਪਨੀ ਨੇ ਉਦੋਂ ਗੁਰੂਗ੍ਰਾਮ-ਮਾਨੇਸਰ ਅਰਬਨ ਡਿਵੈਲਪਮੈਂਟ ਯੋਜਨਾ ਵਿੱਚ ਪ੍ਰਸਤਾਵਿਤ ਸੈਕਟਰ 85 (ਪਿੰਡ ਸ਼ਿਕੋਹਪੁਰ ਦੀ ਜ਼ਮੀਨ) ਵਿੱਚ ਓਂਕਾਰੇਸ਼ਵਰ ਪ੍ਰਾਪਰਟੀਜ਼ ਤੋਂ ਸਾਢੇ ਤਿੰਨ ਏਕੜ ਜ਼ਮੀਨ ਸਾਢੇ ਸੱਤ ਕਰੋੜ ਰੁਪਏ ਵਿੱਚ ਖਰੀਦ ਲਈ ਜਦੋਂ ਕਿ ਕੰਪਨੀ ਦੀ ਰਜਿਸਟ੍ਰੇਸ਼ਨ ਸਮੇਂ ਇਸ ਦੇ ਕੋਲ ਸਿਰਫ ਇੱਕ ਲੱਖ ਰੁਪਏ ਸਨ। ਪੁਲਿਸ ਨੂੰ ਮਿਲੀ ਸ਼ਿਕਾਇਤ ਮੁਤਾਬਕ ਜ਼ਮੀਨ ਖਰੀਦਣ ਲਈ ਸਕਾਈਲਾਈਟ ਰਿਐਲਟੀ ਨਾਂਅ ਦੀ ਦੂਜੀ ਕੰਪਨੀ ਦੇ ਚੈੱਕ ਨਾਲ ਰਾਸ਼ੀ ਦਾ ਭੁਗਤਾਨ ਦਿਖਾਇਆ ਗਿਆ ਜੋ ਕਦੇ ਕੈਸ਼ ਹੀ ਨਹੀਂ ਕਰਵਾਏ ਗਏ। ਇਸ ਜ਼ਮੀਨ ਉੱਤੇ ਸਕਾਈਲਾਈਟ ਹੌਸਪੈਟੇਲਿਟੀ ਨੇ ਡੀਟੀਸੀਪੀ ਤੋਂ ਕਾਲੋਨੀ ਕੱਟਣ ਦਾ ਲਾਇਸੈਂਸ ਪ੍ਰਾਪਤ ਕਰ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਕੰਪਨੀ ਰਾਬਰਟ ਵਾਡਰਾ ਦੀ ਹੈ, ਜੋ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦਾ ਜਵਾਈ ਹੈ। ਇਹ ਵੀ ਦੋਸ਼ ਹਨ ਕਿ ਸੂਬੇ ਵਿੱਚ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਸਰਕਾਰ ਨਾਲ ਮਿਲੀਭੁਗਤ ਕਰ ਕੇ ਲਾਇਸੈਂਸ ਪ੍ਰਾਪਤ ਕੀਤਾ ਗਿਆ ਅਤੇ ਉਕਤ ਜ਼ਮੀਨ ਨੂੰ ਰੀਅਲ ਅਸਟੇਟ ਕੰਪਨੀ ਡੀਐਲਐਫ਼ ਨੂੰ 58 ਕਰੋੜ ਰੁਪਏ ਵਿੱਚ ਵੇਚ ਦਿੱਤਾ। ਡੀਐਲਐਫ ਨੂੰ ਬਾਅਦ ਵਿੱਚ ਕੁੱਲ੍ਹ ਤਿੰਨ ਏਕੜ ਜ਼ਮੀਨ ਲਈ ਇੰਨੇ ਵੱਡੇ ਭੁਗਤਾਨ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਗ਼ਲਤ ਤਰੀਕੇ ਨਾਲ ਵਜੀਰਾਬਾਦ ਪਿੰਡ ਦੀ 350 ਏਕੜ ਜ਼ਮੀਨ ਅਲਾਟ ਕਰ ਦਿੱਤੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਇਹ ਸਭ ਕੁਝ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਹੁਣ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।