ਰਾਂਚੀ: ਸਥਾਨਕ ਮੈਨੇਜਮੈਂਟ ਇੰਸਟੀਚਿਊਟ ਵਿੱਚ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੋਣ ਜ਼ਾਬਤੇ ਦੀ ਕਥਿਤ ਤੌਰ ’ਤੇ ਉਲੰਘਣਾ ਕਰਨ ਲਈ ਕੇਂਦਰੀ ਮੰਤਰੀ ਜੈਯੰਤ ਸਿਨ੍ਹਾ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਸਿਨ੍ਹਾ ਕੇਂਦਰੀ ਰਾਜ ਸ਼ਹਿਰੀ ਹਵਾਬਾਜ਼ੀ ਮੰਤਰੀ ਹਨ। ਉਹ ਝਾਰਖੰਡ ਦੇ ਹਲਕਾ ਹਜ਼ੀਰਾਬਾਗ ਤੋਂ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਵੀ ਹਨ।
ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸਾਂ ਮੁਤਾਬਕ ਸੋਮਵਾਰ ਨੂੰ ਜੈਯੰਤ ਸਿਨ੍ਹਾ ਵਿਰੁੱਧ ਆਈਪੀਸੀ ਦੀ ਧਾਰਾ 188 ਤੇ ਪੀਪਲਜ਼ ਨੁਮਾਇੰਦਗੀ ਕਾਨੂੰਨ ਦੀ ਧਾਰਾ 123 ਤਹਿਤ ਰਾਂਚੀ ਦੇ ਖੇਲਗਾਓਂ ਪੁਲਿਸ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਦਰਅਸਲ ਸ਼ਨੀਵਾਰ ਨੂੰ ਆਈਆਈਐਮ-ਰਾਂਚੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਨ੍ਹਾ ਨੇ ਉਨ੍ਹਾਂ ਕੋਲੋਂ ਕਥਿਤ ਤੌਰ 'ਤੇ ਇੱਕ ਵਾਰ ਫਿਰ ਪੰਜ ਸਾਲ ਲਈ ‘ਆਸ਼ੀਰਵਾਦ’ ਮੰਗਿਆ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਪੁਲਿਸ ਸਟੇਸ਼ਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਝਾਰਖੰਡ ਦੀਆਂ 14 ਲੋਕ ਸਭਾ ਸੀਟਾਂ ਲਈ ਚਾਰ ਪੜਾਵਾਂ ਵਿੱਚ 29 ਅਪ੍ਰੈਲ ਤੋਂ ਵੋਟਾਂ ਪੈਣਗੀਆਂ।