ਦਿੱਲੀ :ਦਿੱਲੀ ਦੇ ਬਵਾਨਾ ਇੰਡਸਟਰੀਅਲ ਏਰੀਆ 'ਚ ਤਿੰਨ ਫੈਕਟਰੀਆਂ 'ਚ ਲੱਗੀ ਜ਼ਬਰਦਸਤ ਅੱਗ ਨਾਲ 17  ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖ਼ਮੀ ਹਨ। ਮਰਨ ਵਾਲਿਆਂ 'ਚ ਔਰਤਾਂ ਵੀ ਸ਼ਾਮਿਲ ਹਨ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਹੋਰ ਕਈ ਲੋਕਾਂ ਦੇ ਮਲਬੇ ਥੱਲੇ ਫਸੇ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਹੈ।
ਜਾਣਕਾਰੀ ਮੁਤਾਬਿਕ ਅੱਗ ਪਟਾਕਾ, ਪਲਾਸਟਿਕ ਅਤੇ ਕਾਰਪੈਟ ਫੈਕਟਰੀਆਂ 'ਚ ਲੱਗੀ ਸੀ। ਜਾਣਕਾਰੀ ਮੁਤਾਬਿਕ ਅੱਗ ਇਕ ਪਟਾਕਾ ਫੈਕਟਰੀ ਦੀ ਬੇਸਮੈਂਟ ਅਤੇ ਪਹਿਲੀ ਮੰਜ਼ਿਲ 'ਤੇ ਲੱਗੀ। ਬਵਾਨਾ ਇੰਡਸਟਰੀਅਲ ਏਰੀਆ ਕਨਾਟ ਪਲੇਸ ਤੋਂ ਸਿਰਫ਼ ੩੫ ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਅੱਗ ਉਸ ਸਮੇਂ ਲੱਗੀ ਜਦੋਂ ਮਜ਼ਦੂਰ ਫੈਕਟਰੀ 'ਚ ਕੰਮ ਕਰ ਰਹੇ ਸਨ। ਪੁਲਿਸ ਫੈਕਟਰੀ ਮਾਲਕਾਂ ਤੋਂ ਇਹ ਜਾਣਕਾਰੀ ਇਕੱਠਾ ਕਰ ਰਹੀ ਹੈ ਕਿ ਜਿਸ ਸਮੇਂ ਅੱਗ ਲੱਗੀ ਉਸ ਸਮੇਂ ਕਿੰਨੇ ਲੋਕ ਅੰਦਰ ਸਨ।
ਰੋਹਿਣੀ ਦੇ ਡੀਸੀਪੀ ਰਜਨੀਸ਼ ਗੁਪਤਾ ਨੇ ਕਿਹਾ ਕਿ ਹੁਣ ਤੱਕ 17 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਗੰਭੀਰ ਜ਼ਖਮੀ ਹਨ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬਚਾਅ ਕਾਰਜ ਹਾਲੇ ਜਾਰੀ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।