ਫਤਿਆਬਾਦ: ਵਿਆਹਾਂ ਸਮੇਂ ਫਾਈਰਿੰਗ ਕਰਨ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ‘ਚ ਕਈ ਵਾਰ ਵੱਡੇ ਹਾਦਸੇ ਵੀ ਵਾਪਰ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਹਰਿਆਣਾ ਦੇ ਭੂਨਾ ਨੇੜੇ ਪਿੰਡ ਦਾ, ਜਿੱਥੇ ਵਿਆਹ ਦੀ ਰਿਸੈਪਸ਼ਨ ਸਮੇਂ ਕਿਸੇ ਨੇ ਫਾਈਰਿੰਗ ਕੀਤੀ ਤੇ ਗੋਲੀ ਦਾ ਛੱਰਾ ਇੱਕ ਵਿਅਕਤੀ ਦੀ ਲੱਤ ‘ਚ ਲੱਗ ਗਿਆ। ਗੋਲੀ ਚੱਲ਼ਣ ਮਗਰੋਂ ਭਾਜੜ ਮੱਚ ਗਈ।



ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਜ਼ਖ਼ਮੀ ਵਿਅਕਤੀ ਨੂੰ ਅਗ੍ਰੋਹਾ ਰੈਫਰ ਕੀਤਾ ਗਿਆ ਹੈ, ਜਿੱਥੇ ਉਸ ਦਾ ਇਲਾਜ ਹੋ ਰਿਹਾ ਹੈ। ਪ੍ਰੋਗਰਾਮ ‘ਚ ਚਲੀ ਇੱਕ ਗੋਲੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ। ਇਸ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਸਭ ਡਾਂਸ ਕਰਨ ‘ਚ ਮਸਤ ਹਨ, ਇੰਨੇ ‘ਚ ਗੋਲੀ ਚੱਲਦੀ ਹੈ ਤੇ ਇੱਕ ਅਧੇੜ ਬੰਦੇ ਦੇ ਲੱਗਦੀ ਹੈ। ਉਸ ਦੇ ਡਿੱਗਣ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕ ਜ਼ਖ਼ਮੀ ਨੂੰ ਦੇਖਣ ਲੱਗ ਜਾਂਦੇ ਹਨ।



ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਬਲਰਾਜ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਅਜੇ ਬਿਆਨ ਦੇਣ ਦੀ ਹਾਲਤ ‘ਚ ਨਹੀਂ। ਉਸ ਦੇ ਬਿਆਨ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ।