ਕੈਥਲ: ਗੂਹਲਾ ਦੇ ਵਾਰਡ ਨੰਬਰ 11 ਵਿੱਚ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਤਬਦੀਲ ਹੋ ਗਈਆਂ ਜਦੋਂ ਘਰ ਦੇ ਵਿਹੜੇ ਵਿੱਚ ਚੱਲ ਰਹੇ ਲੇਡੀਜ਼ ਸੰਗੀਤ ਪ੍ਰੋਗਰਾਮ ਦੌਰਾਨ ਕਿਸੇ ਵਿਅਕਤੀ ਨੇ ਗੋਲ਼ੀ ਚਲਾ ਦਿੱਤੀ। ਇਹ ਗੋਲ਼ੀ ਲਾੜੇ ਦੇ ਜਾ ਵੱਜੀ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲ਼ੀਆਂ ਲੱਗਣ ਕਾਰਨ ਦੋ ਸਕੇ ਭਰਾ ਵੀ ਗੰਭੀਰ ਜ਼ਖ਼ਮੀ ਹੋ ਗਏ। ਗੋਲ਼ੀ ਚਲਾਉਣ ਵਾਲਾ ਲਾੜੇ ਦਾ ਕਰੀਬੀ ਰਿਸ਼ਤੇਦਾਰ ਦੱਸਿਆ ਜਾਂਦਾ ਹੈ।

ਗੂਹਲਾ ਦੇ ਵਾਰਡ ਨੰਬਰ 11 ਵਿੱਚ ਰਹਿਣ ਵਾਲੇ ਵਿਕਰਮ ਵੋਹਰਾ ਦਾ ਸਾਲ ਦੇ ਅਖੀਰਲੇ ਦਿਨ ਵਿਆਹ ਸੀ। ਇਸ ਤੋਂ ਇੱਕ ਰਾਤ ਪਹਿਲਾਂ ਜਦੋਂ ਘਰ ਵਿੱਚ ਡੀ.ਜੇ. 'ਤੇ ਲੇਡੀਜ਼ ਸੰਗੀਤ ਦਾ ਪ੍ਰੋਗਰਾਮ ਚੱਲ ਰਿਹਾ ਸੀ।

ਗਾਣੇ ਦੀ ਲੋਰ ਵਿੱਚ ਆ ਕੇ ਕਿਸੇ ਨੇ ਬੰਦੂਕ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰਤੂਸ ਨਾਲ਼ੀ ਵਿੱਚ ਹੀ ਫਸਿਆ ਰਹਿ ਗਿਆ। ਜਦੋਂ ਬੰਦੂਕਧਾਰੀ ਨੇ ਹੇਠਾਂ ਕਰਕੇ ਬੰਦੂਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਗੋਲ਼ੀ ਚੱਲ ਗਈ ਜੋ ਸਾਹਮਣੇ ਨੱਚ ਰਹੇ ਲਾੜੇ ਵਿਕਰਮ ਵੋਹਰਾ ਦੇ ਜਾ ਵੱਜੀ।

ਇਹ ਗੋਲ਼ੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਦੋ ਸਕੇ ਭਰਾਵਾਂ ਵਿਕਰਮਜੀਤ ਸਿੰਘ ਵੜੈਚ ਤੇ ਨਵਤੇਜ ਸਿੰਘ ਵੜੈਚ ਨੂੰ ਵੀ ਗੰਭੀਰ ਜ਼ਖ਼ਮੀ ਕਰ ਗਈ। ਘਟਨਾ ਤੋਂ ਬਾਅਦ ਤਿੰਨਾ ਨੂੰ ਪਟਿਆਲਾ ਦੇ ਕੋਲੰਬੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲਾੜੇ ਵਿਕਰਮ ਵੋਹਰਾ ਨੂੰ ਮ੍ਰਿਤ ਐਲਾਨ ਦਿੱਤਾ ਤੇ ਵੜੈਚ ਭਰਾਵਾਂ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਵਿਕਰਮ ਵੋਹਰਾ ਸਵਿਟਜ਼ਰਲੈਂਡ ਦਾ ਵਾਸੀ ਸੀ ਤੇ ਵਿਆਹ ਕਰਵਾਉਣ ਲਈ ਭਾਰਤ ਆਇਆ ਸੀ। ਉਸ ਦੇ ਪਰਿਵਾਰ ਨੂੰ ਕੀ ਪਤਾ ਸੀ ਕਿ ਇਹ ਉਸ ਦੇ ਪੁੱਤਰ ਦਾ ਆਖ਼ਰੀ ਫੇਰਾ ਹੋ ਨਿੱਬੜੇਗਾ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

'ਏ.ਬੀ.ਪੀ. ਸਾਂਝਾ' ਤੁਹਾਨੂੰ ਪੁਰਜ਼ੋਰ ਅਪੀਲ ਕਰਦਾ ਹੈ ਕਿ ਵਿਆਹਾਂ ਤੇ ਹੋਰ ਖੁਸ਼ੀ ਦੇ ਮੌਕਿਆਂ 'ਤੇ ਹਥਿਆਰਾਂ ਦੀ ਵਰਤੋਂ ਤੋਂ ਸਖ਼ਤ ਪਰਹੇਜ਼ ਕਰੋ।