ਨਵੀਂ ਦਿੱਲੀ: ਸੀਨੀਅਰ ਵਕੀਲ ਇੰਦੂ ਮਲਹੋਤਰਾ ਨੇ ਅੱਜ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕ ਲਈ ਹੈ। ਮਲਹੋਤਰਾ ਸਿੱਧੇ ਤੌਰ 'ਤੇ ਸੁਪਰੀਮ ਕੋਰਟ ਦੇ ਜੱਜ ਬਣਨ ਵਾਲੇ ਪਹਿਲੇ ਮਹਿਲਾ ਵਕੀਲ ਬਣ ਗਏ ਹਨ।
ਸ਼ੁੱਕਰਵਾਰ ਨੂੰ ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਉਨ੍ਹਾਂ ਨੂੰ ਸਹੁੰ ਚੁਕਵਾਈ। ਕੇਂਦਰ ਵੱਲੋਂ ਉੱਤਰਾਖੰਡ ਦੇ ਚੀਫ਼ ਜਸਟਿਸ ਕੇਐਮ ਜੋਸੇਫ਼ ਦੀ ਪਦਉੱਨਤੀ ਨੂੰ ਖਾਰਜ ਕਰਨ ਤੋਂ ਬਾਅਦ ਮਲਹੋਤਰਾ ਦੀ ਨਿਯੁਕਤੀ ਸਾਹਮਣੇ ਆਈ ਹੈ।
ਸੁਪਰੀਮ ਕੋਰਟ ਵਿੱਚ ਪਿਛਲੇ ਕੁਝ ਸਮੇਂ ਤੋਂ ਕੇਸਾਂ ਦੀ ਅਲਾਟਮੈਂਟ ਸਮੇਤ ਕਈ ਹੋਰ ਮੁੱਦਿਆਂ 'ਤੇ ਖਿੱਚੋਤਾਣ ਜਾਰੀ ਹੈ। ਕੁਝ ਦਿਨ ਪਹਿਲਾਂ ਵਿਰੋਧੀ ਧਿਰਾਂ ਵੱਲੋਂ ਚੀਫ਼ ਜਸਟਿਸ ਆਫ਼ ਇੰਡੀਆ ਵਿਰੁੱਧ ਮਹਾਂਦੋਸ਼ ਦਾ ਮਤਾ ਪਾਸ ਕਰਵਾਉਣ ਲਈ ਰਾਜ ਸਭਾ ਦੇ ਚੇਅਰਮੈਨ ਤੇ ਉਪਰਾਸ਼ਟਰਪਤੀ ਕੋਲ ਪਹੁੰਚ ਕੀਤੀ ਸੀ ਪਰ ਉਨ੍ਹਾਂ ਇਸ ਨੂੰ ਰੱਦ ਕਰ ਦਿੱਤਾ। ਅਜਿਹੇ ਵਿੱਚ ਇੰਦੂ ਮਲਹੋਤਰਾ ਦੀ ਸਿੱਧੀ ਚੋਣ ਵੀ ਕੁਝ ਸਵਾਲ ਪੈਦਾ ਕਰ ਸਕਦੀ ਹੈ।