ਪਹਿਲੀ ਵਾਰ ਘਾਟੀ 'ਚ ਦਹਿਸ਼ਤਗਰਦਾਂ ਦੀ ਗਿਣਤੀ ਪੁੱਜੀ 300 ਤੋਂ ਪਾਰ
ਏਬੀਪੀ ਸਾਂਝਾ | 03 Sep 2018 03:12 PM (IST)
ਸੰਕੇਤਕ ਤਸਵੀਰ
ਸ੍ਰੀਨਗਰ: ਤਕਰੀਬਨ ਇੱਕ ਦਹਾਕੇ ਤੋਂ ਬਾਅਦ ਕਸ਼ਮੀਰ ਵਿੱਚ ਸੂਚੀਬੱਧ ਦਹਿਸ਼ਤਗਰਦਾਂ ਦੀ ਗਿਣਤੀ 300 ਤੋਂ ਪਾਰ ਹੋ ਗਈ ਹੈ। ਸਾਲ 2013 ਦੇ 78 ਅੱਤਵਾਦੀਆਂ ਤੋਂ ਇਲਾਵਾ ਪਿਛਲੇ 10 ਸਾਲਾਂ ਵਿੱਚ ਘਾਟੀ ਵਿੱਚ ਤਕਰੀਬਨ 200 ਦਹਿਸ਼ਤਗਰਦ ਸਰਗਰਮ ਰਹਿੰਦੇ ਸਨ। ਸਾਲ 1990 ਤੋਂ ਬਾਅਦ ਇਹ ਸਭ ਤੋਂ ਛੋਟਾ ਅੰਕੜਾ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਦਹਿਸ਼ਤਗਰਦਾਂ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਦੇਖਿਆ ਗਿਆ ਹੈ। ਅਫ਼ਸਰ ਨੇ ਦੱਸਿਆ ਕਿ ਘਾਟੀ ਵਿੱਚ ਅੱਤਵਾਦੀਆਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਸਾਲ 2017 ਤੋਂ ਸਥਾਨਕ ਪੱਧਰ 'ਤੇ ਦਹਿਸ਼ਤੀ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੀ ਹੋਈ ਭਰਤੀ ਹੈ। ਜੰਮੂ ਤੇ ਕਸ਼ਮੀਰ ਪੁਲਿਸ ਵੱਲੋਂ ਅਗਸਤ ਵਿੱਚ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ ਕੁੱਲ 327 ਦਹਿਸ਼ਤਗਰਦ ਸੂਚੀਬੱਧ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 211 ਸਥਾਨਕ ਅੱਤਵਾਦੀ ਹਨ ਤੇ 116 ਵਿਦੇਸ਼ੀ ਅੱਤਵਾਦੀ ਹਨ। ਇਨ੍ਹਾਂ ਵਿੱਚੋਂ 181 ਅੱਤਵਾਦੀ ਕਸ਼ਮੀਰ ਵਿੱਚ ਸਰਗਰਮ ਹਨ। ਜੁਲਾਈ 2016 ਵਿੱਚ ਦੱਖਣੀ ਕਸ਼ਮੀਰ ਵਿੱਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਜ਼ਿਲ੍ਹੇ ਅਨੰਤਨਾਗ, ਕੁਲਗਾਮ, ਪੁਲਵਾਮਾ ਤੇ ਸ਼ੋਪੀਆਂ ਵਿੱਚੋਂ 166 ਸਥਾਨਕ ਨੌਜਵਾਨਾਂ ਨੇ ਦਹਿਸ਼ਤ ਦਾ ਰਾਹ ਚੁਣ ਲਿਆ।