ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸਰਕਾਰ ਤੇ ਸਿਹਤ ਮੰਤਰਾਲੇ ਵੱਲੋਂ ਲਗਾਤਾਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਇਸ ਲੜੀ 'ਚ ਭਾਰਤ 'ਚ ਰੈਪਿਡ ਐਂਟੀਬੌਡੀ ਟੈਸਟ ਲਈ 5 ਲੱਖ ਕਿੱਟਾਂ ਕੱਲ੍ਹ ਭਾਰਤ ਪਹੁੰਚ ਗਈਆਂ ਹਨ। ਇਨ੍ਹਾਂ ਕਿੱਟਾਂ ਜ਼ਰੀਏ ਅਗਲੇ ਦੋ ਦਿਨਾਂ 'ਚ ਦੇਸ਼ 'ਚ ਰੈਪਿਡ ਐਂਟੀਬੌਡੀ ਟੈਸਟ ਸ਼ੁਰੂ ਕਰ ਦਿੱਤੇ ਜਾਣਗੇ। ਹਾਲਾਂਕਿ ਇਨ੍ਹਾਂ ਟੈਸਟ ਕਿੱਟਾਂ ਜ਼ਰੀਏ ਇਹ ਨਹੀਂ ਪਤਾ ਲਾਇਆ ਜਾ ਸਕਦਾ ਕਿ ਕੋਈ ਕੋਰੋਨਾ ਪੌਜ਼ਟਿਵ ਹੈ ਜਾਂ ਨਹੀਂ।

ਆਈਸੀਐਮਆਰ ਦੇ ਵਿਗਿਆਨਕ ਡਾਕਟਰ ਗੰਗਾਖੇੜਕਰ ਮੁਤਾਬਕ ਇਸ ਟੈਸਟ ਦਾ ਮੁੱਖ ਮਕਸਦ ਇਹ ਪਤਾ ਲਾਉਣਾ ਹੁੰਦਾ ਹੈ ਕਿ ਜਿਸ ਵਿਅਕਤੀ ਦਾ ਟੈਸਟ ਹੋਇਆ ਉਸ 'ਚ ਬਿਮਾਰੀ ਨਾਲ ਲੜਨ ਲਈ ਐਂਟੀਬੌਡੀ ਦਾ ਵਿਕਾਸ ਹੋਇਆ ਜਾਂ ਨਹੀਂ।

ਉਨ੍ਹਾਂ ਕਿਹਾ ਕਿ ਮੁਲਕ ਵਿੱਚ ਹੁਣ ਤਕ ਕੋਵਿਡ-19 ਦੇ 2,90,401 ਟੈਸਟ ਕੀਤੇ ਜਾ ਚੁੱਕੇ ਹਨ। ਭਾਰਤ ਨੂੰ ਚੀਨ ਦੀਆਂ ਦੋ ਕੰਪਨੀਆਂ ਤੋਂ ਐਂਟੀਬੌਡੀ ਜਾਂਚ ਕਿੱਟ ਸਮੇਤ ਪੰਜ ਲੱਖ ਕਿੱਟਾਂ ਦੀ ਸਪਲਾਈ ਹੋ ਗਈ ਹੈ। ਰੈਪਿਡ ਐਂਟੀਬੌਡੀ ਟੈਸਟ ਕਿੱਟ 15 ਮਿੰਟ 'ਚ ਨਤੀਜੇ ਦੇ ਦਿੰਦੀ ਹੈ।