ਨਵੀਂ ਦਿੱਲੀ: ਦੇਸ਼ ਦੀਆਂ ਦੋ ਵੱਡੀਆਂ ਈ-ਕਾਮਰਸ ਕੰਪਨੀਆਂ ਨੇ ਹਾਲ ਹੀ ਵਿੱਚ ਪੰਜ ਦਿਨਾਂ ਦੀ ਬੰਪਰ ਸੇਲ ਲਾਈ, ਜਿਸ ਦੌਰਾਨ ਇਨ੍ਹਾਂ ਕਾਫੀ ਕਮਾਈ ਕੀਤੀ। ਤੁਸੀਂ ਸੋਚ ਕੇ ਹੈਰਾਨ ਹੋ ਜਾਵੋਗੇ ਕਿ ਫਲਿੱਪਕਾਰਟ ਤੇ ਅਮੇਜ਼ਨ ਨੇ ਇਨ੍ਹਾਂ ਪੰਜਾਂ ਦਿਨਾਂ ਵਿੱਚ ਕੁੱਲ 15,000 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ।

RedSeer ਕੰਸਲਟਿੰਗ ਨੇ ਖੁਲਾਸਾ ਕੀਤਾ ਹੈ ਕਿ ਨੌਂ ਅਕਤੂਬਰ ਤੋਂ 14 ਅਕਤੂਬਰ ਦਰਮਿਆਨ ਕੁੱਲ 15,000 ਕਰੋੜ ਰੁਪਏ ਦਾ ਲਾਭ ਹੋਇਆ। ਇਹ ਰਕਮ ਪਿਛਲੇ ਸਾਲ ਮੁਕਾਬਲੇ 64 ਫ਼ੀਸਦ ਵੱਧ ਹੈ। ਪਿਛਲੇ ਸਾਲ ਸੇਲ ਦੇ ਇਨ੍ਹਾਂ ਦਿਨਾਂ ਵਿੱਚ ਹੀ ਦੋਵਾਂ ਕੰਪਨੀਆਂ ਨੂੰ 10,325 ਕਰੋੜ ਰੁਪਏ ਦਾ ਫਾਇਦਾ ਹੋਇਆ ਸੀ।

ਅਮੇਜ਼ਨ ਇੰਡੀਆ ਦੇ ਸੀਨੀਅਰ ਉਪ ਪ੍ਰਧਾਨ ਤੇ ਦੇਸ਼ ਮੁਖੀ ਅਮਿਤ ਅਗਰਵਾਲ ਨੇ ਕਿਹਾ ਕਿ ਗ੍ਰੇਟ ਇੰਡੀਆ ਫੈਸਲੀਵਲ ਸੇਲ ਨੇ ਪਹਿਲੇ 36 ਘੰਟਿਆਂ ਵਿੱਚ ਹੀ ਪਿਛਲੇ ਸਾਲ ਦਾ ਰਿਕਾਰਡ ਤੋੜ ਲਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਨਵੇਂ ਯੂਜ਼ਰਜ਼ ਜੁੜੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਛੋਟੇ ਸ਼ਹਿਰਾਂ ਦੇ ਰਹਿਣ ਵਾਲੇ ਹਨ। ਅਮੇਜ਼ਨ ਕੋਲ ਸਭ ਤੋਂ ਵੱਧ ਮੰਗ ਸਮਾਰਟਫ਼ੋਨ ਤੇ ਫ਼ੈਸ਼ਨ ਉਤਪਾਦਾਂ ਦੀ ਰਹੀ।

ਦੂਜੇ ਪਾਸੇ ਫਲਿੱਪਕਾਰਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨਾਲ ਤਕਰੀਬਨ 50 ਫ਼ੀਸਦ ਨਵੇਂ ਗਾਹਕ ਜੁੜੇ ਹਨ। ਫਲਿੱਪਕਾਰਟ ਰਾਹੀਂ ਖ਼ਰੀਦਦਾਰੀ ਕਰਨ ਵਾਲਿਆਂ ਹਰ ਦੋ ਵਿੱਚੋਂ ਇੱਕ ਗਾਹਕ ਨੇ ਈਐਮਆਈ (ਕਿਸ਼ਤਾਂ 'ਤੇ ਖਰੀਦਦਾਰੀ) ਦਾ ਫਾਇਦਾ ਚੁੱਕਿਆ। ਸੇਲ ਦੇ ਦਿਨਾਂ ਦੌਰਾਨ ਫਲਿੱਪਕਾਰਟ ਐਪ ਨੂੰ 25 ਮਿਲੀਅਨ ਲੋਕਾਂ ਨੇ ਵਰਤਿਆ।