ਹਿਸਾਰ: ਅਦਾਲਤ ਨੇ ਸੱਤਲੋਕ ਆਸ਼ਰਮ ਦੇ ਮੁਖੀ ਸੰਤ ਰਾਮਪਾਲ ਨੂੰ ਤਾਉਮਰ ਕੈਦ ਦੀ ਸਜ਼ਾ ਤੇ ਇੱਕ-ਇੱਕ ਲੱਖ ਰੁਪਏ ਦਾ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ। ਰਾਮਪਾਲ ਨੂੰ ਇਹ ਸਜ਼ਾ ਨਵੰਬਰ 2014 ਵਿੱਚ ਉਸ ਦੀ ਗ੍ਰਿਫ਼ਤਾਰੀ ਦੌਰਾਨ ਹੋਈ ਹਿੰਸਾ ਵਿੱਚ ਚਾਰ ਔਰਤਾਂ ਤੇ ਇੱਕ ਬੱਚੇ ਦੀ ਮੌਤ ਹੋ ਜਾਣ ਕਾਰਨ ਮਿਲੀ ਹੈ। ਰਾਮਪਾਲ ਹੁਣ ਮੌਤ ਤਕ ਜੇਲ੍ਹ ਵਿੱਚੋਂ ਬਾਹਰ ਨਹੀਂ ਆ ਸਕਦਾ।

ਹਿਸਾਰ ਅਦਾਲਤ ਨੇ ਰਾਮਪਾਲ ਦੇ ਨਾਲ-ਨਾਲ 15 ਦੋਸ਼ੀਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬੀਤੀ 11 ਅਕਤੂਬਰ ਨੂੰ ਹਿਸਾਰ ਅਦਾਲਤ ਦੇ ਸੈਸ਼ਨ ਜੱਜ ਡੀਆਰ ਚਾਲਿਆ ਨੇ ਰਾਮਪਾਲ ਸਮੇਤ 15 ਲੋਕਾਂ ਨੂੰ ਮੁਕੱਦਮਾ ਨੰਬਰ 429 ਵਿੱਚ ਦੋਸ਼ੀ ਕਰਾਰ ਦੇ ਦਿੱਤਾ ਸੀ।

ਰਾਮਪਾਲ ਦੇ ਰਿਸ਼ਤੇਦਾਰਾਂ ਸਮੇਤ ਇਹ ਪਾਏ ਗਏ ਦੋਸ਼ੀ-

ਦੋਸ਼ੀਆਂ ਵਿੱਚ ਰਾਮਪਾਲ, ਉਸ ਦਾ ਪੁੱਤਰ ਵੀਰੇਂਦਰ, ਭਾਣਜਾ ਜੋਗਿੰਦਰ, ਭੈਣ ਪੂਨਮ ਤੇ ਮਾਸੀ ਸਾਵਿੱਤਰੀ ਦੇ ਨਾਲ, ਬਬੀਤਾ, ਰਾਜਕਪੂਰ ਉਰਫ਼ ਪ੍ਰੀਤਮ, ਰਾਜੇਂਦਰ, ਸਤਬੀਰ ਸਿੰਘ, ਸੋਨੂੰ ਦਾਸ, ਦੇਵੇਂਦਰ, ਜਗਦੀਸ਼, ਸੁਖਵੀਰ ਸਿੰਘ, ਖ਼ੁਸ਼ਹਾਲ ਸਿੰਘ, ਅਨਿਲ ਕੁਮਾਰ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਰਾਮਪਾਲ ਵਿਰੁੱਧ ਇੱਕ ਔਰਤ ਦੇ ਕਤਲ ਦੇ ਵੱਖਰੇ ਕੇਸ ਨੰਬਰ 430 ਤਹਿਤ ਭਲਕੇ ਯਾਨੀ 17 ਅਕਤੂਬਰ ਨੂੰ ਸੁਣਾਈ ਜਾਵੇਗੀ।

ਕੌਣ ਹੈ ਰਾਮਪਾਲ?

ਜ਼ਿਕਰਯੋਗ ਹੈ ਕਿ ਸੰਨ 1999 ਵਿੱਚ ਰਾਮਪਾਲ ਨੇ ਹਿਸਾਰ ਦੇ ਕਰੋਂਥਾ ਪਿੰਡ ਵਿੱਚ ਸੱਤਲੋਕ ਆਸ਼ਰਮ ਬਣਵਾਇਆ ਸੀ। ਸਾਲ 2000 ਵਿੱਚ ਉਸ ਨੇ ਹਰਿਆਣਾ ਸਰਕਾਰ ਦੀ ਇੰਜਨੀਅਰ ਦੀ ਨੌਕਰੀ ਤਿਆਗ ਦਿੱਤੀ ਸੀ ਤੇ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ। ਰਾਮਪਾਲ ਦੀਆਂ ਮੁਸੀਬਤਾਂ ਉਦੋਂ ਸ਼ੁਰੂ ਹੋਈਆਂ ਜਦ ਸਾਲ 2014 ਵਿੱਚ ਜ਼ਮੀਨੀ ਵਿਵਾਦ ਵਿੱਚ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ ਤੇ ਉਸ ਨੇ ਤੇ ਉਸ ਦੇ ਸਮਰਥਕਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲੈ ਲਿਆ ਸੀ। ਉਸ ਸਮੇਂ ਪੁਲਿਸ ਤੇ ਨੀਮ ਫ਼ੌਜੀ ਦਸਤਿਆਂ ਨੇ 12 ਦਿਨਾਂ ਦੇ ਸੰਘਰਸ਼ ਤੋਂ ਬਾਅਦ ਰਾਮਪਾਲ ਨੂੰ ਗ੍ਰਿਫ਼ਤਾਰ ਕੀਤਾ ਸੀ।