ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿਲਸਿਲਾ ਅੱਜ 11ਵੇਂ ਦਿਨ ਵੀ ਜਾਰੀ ਰਿਹਾ। ਦਿੱਲੀ ਵਿੱਚ ਤੇਲ ਕੰਪਨੀਆਂ ਨੇ ਪੈਟਰੋਲ ’ਤੇ 11 ਪੈਸੇ ਤੇ ਡੀਜ਼ਲ ’ਤੇ 23 ਪੈਸੇ ਦਾ ਵਾਧਾ ਕੀਤਾ। ਇਸ ਇਜ਼ਾਫੇ ਨਾਲ ਡੀਜ਼ਲ ਦੀ ਕੀਮਤ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ 75 ਰੁਪਏ 69 ਪੈਸੇ ’ਤੇ ਪਹੁੰਚ ਗਈ ਹੈ। ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 82.83 ਰੁਪਏ ਚੱਲ ਰਹੀ ਹੈ। ਮੁੰਬਈ ਦੀ ਗੱਲ ਕੀਤੀ ਜਾਏ ਤਾਂ ਇੱਥੇ ਪੈਟਰੋਲ 88.29 ਤੇ ਡੀਜ਼ਲ 79.35 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਪੰਜਾਬ ਦੀ ਗੱਲ ਕੀਤੀ ਜਾਏ ਤਾਂ ਸਭਤੋਂ ਵੱਧ ਮਹਿੰਗਾ ਪੈਟਰੋਲ ਪਠਾਨਕੋਟ ਵਿੱਚ ਵਿਕ ਰਿਹਾ ਹੈ। ਪਠਾਨਕੋਟ ਵਿੱਚ ਪੈਟਰੋਲ ਦੀ ਕੀਮਤ 88.95 ਤੇ ਡੀਜ਼ਲ ਦੀ ਕੀਮਤ 75.96 ਰੁਪਏ ਹੈ।
ਇਸ ਤੋਂ ਸਾਬਤ ਹੁੰਦਾ ਹੈ ਕਿ ਡੀਜ਼ਲ ਪੈਟਰੋਲ ਵਿੱਚ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਕੀਤੀ ਕਟੌਤੀ ਤੋਂ ਮਿਲੀ ਰਾਹਤ ਹੁਣ ਬੇਅਸਰ ਹੋ ਗਈ ਹੈ। ਪਿਛਲੇ 11 ਦਿਨਾਂ ਦੀ ਗੱਲ ਕੀਤੀ ਜਾਏ ਤਾਂ ਡੀਜ਼ਲ ਦੀ ਕੀਮਤ ਵਿੱਚ 2.74 ਰੁਪਏ ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਨੇ 4 ਅਕਤੂਬਰ ਨੂੰ 2.50 ਰੁਪਏ ਦੀ ਥੋੜ੍ਹੀ ਰਾਹਤ ਦਿੱਤੀ ਸੀ ਪਰ ਉਸਦਾ ਹੁਣ ਕੋਈ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ।
ਕੱਲ੍ਹ ਪੀਐਮ ਨੇ ਕੀਤੀ ਸੀ ਬੈਠਕ
ਡੀਜ਼ਲ-ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਚੱਲਦਿਆਂ ਕੱਲ੍ਹ ਪੀਐਮ ਮੋਦੀ ਨੇ ਨਵੀਂ ਦਿੱਲੀ ਵਿੱਚ ਦੁਨੀਆਭਰ ਦੀਆਂ ਵੱਡੀਆਂ ਤੇਲ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। PMO ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਪੀਐਮ ਨੇ ਤੇਲ ਉਤਪਾਦਕ ਤੇ ਤੇਲ ਉਪਭੋਗਤਾ ਦੇਸ਼ਾਂ ਵਿਚਾਲੇ ਭਾਗੀਦਾਰੀ ਲਈ ਕਿਹਾ ਹੈ ਤਾਂ ਕਿ ਊਰਜਾ ਲਾਗਤ ਵਿੱਚ ਕਮੀ ਆਏਗੀ ਤੇ ਆਲਮੀ ਅਰਥਵਿਵਸਥਾ ਨੂੰ ਸਥਿਰਤਾ ਮਿਲੇਗੀ। ਇਸ ਵਿੱਚ ਹੁਣ ਸੁਧਾਰ ਦਿਖ ਰਿਹਾ ਹੈ।