ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੰਦੋਲਨਕਾਰੀ ਕਿਸਾਨ ਹੁਣ ਪੂਰੇ ਜ਼ੋਰ-ਸ਼ੋਰ ਨਾਲ 26 ਜਨਵਰੀ ਦੇ ‘ਟ੍ਰੈਕਟਰ ਮਾਰਚ’ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਹਰਿਆਣਾ ਦੇ ਵੱਖੋ-ਵੱਖਰੇ ਹਿੱਸਿਆਂ ’ਚ ਵੱਡੇ ਪੱਧਰ ਉੱਤੇ ਤਿਆਰੀਆਂ ਜਾਰੀ ਹਨ। ਟੀਕਰੀ ਬਾਰਡਰ ’ਤੇ ਲਗਾਤਾਰ ਟ੍ਰੈਕਟਰਾਂ ਦਾ ਪੁੱਜਣਾ ਜਾਰੀ ਹੈ। ਐਤਵਾਰ ਨੂੰ ਵੀ ਲਗਪਗ 3,000 ਹੋਰ ਟ੍ਰੈਕਟਰ ਜੀਂਦ ਤੋਂ ਇੱਥੇ ਪੁੱਜੇ।

ਭਾਰਤੀ ਕਿਸਾਨ ਯੂਨੀਅਨ (ਅਰਾਜਨੀਤਕ) ਦੇ ਆਗੂ ਰਾਮਰਾਜੀ ਧੁਲ ਨੇ ਦੱਸਿਆ ਕਿ 30 ਵਰ੍ਹੇ ਪਹਿਲਾਂ ਉਨ੍ਹਾਂ ਦੇ ਆਗੂ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਹੇਠ ਕਿਸਾਨਾਂ ਨੇ ਦਿੱਲੀ ’ਚ ਬਿਗਲ ਵਜਾਇਆ ਸੀ। ਇੱਕ ਵਾਰ ਫਿਰ ਕਿਸਾਨਾਂ ਸਾਹਵੇਂ ਉਹੋ ਜਿਹੀ ਚੁਣੌਤੀ ਹੈ। ਆਉਂਦੀ 26 ਜਨਵਰੀ ਨੂੰ ਕਿਸਾਨ ਹੁਣ ਸਰਕਾਰ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣਗੇ।

ਕਿਸਾਨ ਆਗੂਆਂ ਦਾ ਦਾਅਵਾ ਹੈ ਕਿ 26 ਜਨਵਰੀ ਨੂੰ 50 ਹਜ਼ਾਰ ਦੇ ਲਗਪਗ ਟ੍ਰੈਕਟਰ ਪਰੇਡ ’ਚ ਸ਼ਾਮਲ ਹੋਣਗੇ। ਪੰਜਾਬ ਤੇ ਹਰਿਆਣਾ ਤੋਂ ਹਜ਼ਾਰਾਂ ਦੀ ਗਿਣਤੀ ’ਚ ਔਰਤਾਂ ਤੇ ਮਜ਼ਦੂਰਾਂ ਦੇ ਜੱਥੇ ਟੀਕਰੀ ਬਾਰਡਰ ’ਤੇ ਪੁੱਜ ਕੇ ਕਿਸਾਨਾਂ ਦੇ ਨਾਲ-ਨਾਲ ਆਪਣੀ ਆਵਾਜ਼ ਵੀ ਬੁਲੰਦ ਕਰ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ 3,000 ਤੋਂ ਵੱਧ ਔਰਤਾਂ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਬਾਰਡਰ ’ਤੇ ਪੁੱਜ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਗੱਲਬਾਤ ਹਰ ਵਾਰ ਨਾਕਾਮ ਰਹੀ ਹੈ ਤੇ ਹੁਣ ਸਰਕਾਰ ਨਾਲ ਗੱਲਬਾਤ ਦਾ ਕੋਈ ਫ਼ਾਇਦਾ ਵਿਖਾਈ ਨਹੀਂ ਦੇ ਰਿਹਾ।

ਕਿਸਾਨ ਆਗੂਆਂ ਦਾ ਇਹ ਦਾਅਵਾ ਹੈ ਕਿ ਕਿਸਾਨ ਹੁਣ ਬਿਨਾ ਤਿੰਨੇ ਖੇਤੀ ਕਾਨੂੰਨ ਵਾਪਸ ਕਰਵਾਏ ਵਾਪਸ ਨਹੀਂ ਜਾਣਗੇ; ਭਾਵੇਂ ਆਮ ਚੋਣਾਂ ਦੇ ਸਾਲ 2024 ਤੱਕ ਹੀ ਕਿਉਂ ਨਾ ਧਰਨਿਆਂ ’ਤੇ ਨਾ ਬੈਠਣਾ ਪਵੇ।