ਨਵੀਂ ਦਿੱਲੀ: ਦੇਸ਼ ਭਰ ਦੀਆਂ ਤਿੰਨੇ ਸੈਨਾਵਾਂ ਕੋਰੋਨਾ ਨਾਲ ਲੜ ਰਹੇ ਯੋਧਿਆਂ ਦਾ ਸਨਮਾਨ ਕਰ ਰਹੀਆਂ ਹਨ। ਹਸਪਤਾਲਾਂ ਦੇ ਉਪਰ ਹੈਲੀਕਾਪਟਰਾਂ ਨਾਲ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਸੁਖੋਈ ਲੜਾਕੂ ਜਹਾਜ਼ਾਂ ਨੇ ਕੋਰੋਨਾਵਾਇਰਸ ਖਿਲਾਫ ਲੜਨ ਵਾਲੇ ਮੈਡੀਕਲ ਸਟਾਫ ਨੂੰ ਸਨਮਾਨਤ ਕਰਨ ਲਈ ਮੁੰਬਈ ਤੇ ਦਿੱਲੀ ਤੋਂ ਉਡਾਣ ਭਰੀ, ਜਦੋਂਕਿ ਲੇਹ ਵਿੱਚ ਚਿਨੁਕ ਹੈਲੀਕਾਪਟਰ ਨੇ ਫੁੱਲਾਂ ਦੀ ਵਰਖਾ ਕੀਤੀ। ਦਿੱਲੀ ਵਿੱਚ ਵੀ ਸੁਪਰ ਹਰਕੂਲੀਸ ਨੇ ਕੋਰੋਨਾਵਾਇਰਸ ਨਾਲ ਲੜ ਰਹੇ ਯੋਧਿਆਂ ਨੂੰ ਸਲਾਮੀ ਦਿੱਤੀ। ਅੱਜ, ਤਿੰਨੋ ਸੈਨਾਵਾਂ ਕੋਰੋਨਾ ਯੋਧਿਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕਰ ਰਹੀਆਂ ਹਨ।


ਮੈਡੀਕਲ ਸਿਹਤਕਰਮੀਆਂ ਦੇ ਸਨਮਾਨ ਵਿੱਚ, ਏਅਰ ਫੋਰਸ ਦੇ ਲੜਾਕੂ ਜਹਾਜ਼ਾਂ ਦਾ ਫਲਾਈ ਪਾਸਟ ਸਵੇਰ ਤੋਂ ਸ਼ੁਰੂ ਹੋਇਆ। ਲੜਾਕੂ ਜਹਾਜ਼ਾਂ ਨੇ ਸ਼੍ਰੀਨਗਰ ਵਿੱਚ ਡਲ ਝੀਲ ਤੇ ਚੰਡੀਗੜ੍ਹ ਵਿੱਚ ਸੁਕਨਾ ਝੀਲ ਦੇ ਉੱਪਰ ਉਡਾਣ ਭਰੀ। ਆਰਮੀ ਬੈਂਡ ਨੇ ਬੈਂਗਲੁਰੂ ਵਿੱਚ ਅਸੈਂਬਲੀ ਤੇ ਵਾਰ ਮੈਮੋਰੀਅਲ ਵਿੱਚ ਧੁਨ ਵਜਾਈ। ਕੋਰੋਨਾ ਕਾਲ ਦੌਰਾਨ ਦੇਸ਼ ਨੂੰ ਸੰਭਾਲ ਰਹੇ ਪੁਲਿਸ ਮੁਲਾਜ਼ਮਾਂ ਦੇ ਸਨਮਾਨ ਵਿੱਚ ਪੁਲਿਸ ਯਾਦਗਾਰ ਵਿਖੇ ਇੱਕ ਵਿਸ਼ਾਲ ਪ੍ਰੋਗਰਾਮ ਕੀਤਾ ਗਿਆ। ਤਿੰਨਾਂ ਸੈਨਾ ਦੇ ਮੁਖੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ।

ਚੰਡੀਗੜ੍ਹ ਵਿੱਚ, ਭਾਰਤੀ ਹਵਾਈ ਸੈਨਾ ਦੇ ਜਹਾਜ਼ ਸੀ -130 ਨੇ ਸੁਖਨਾ ਝੀਲ ਦੇ ਉਪਰੋਂ ਫਲਾਈ ਪਾਸਟ ਕੀਤੀ। ਗੋਆ ਵਿੱਚ, ਭਾਰਤੀ ਜਲ ਸੈਨਾ ਨੇ 'ਕੋਰੋਨਾ ਯੋਧਿਆਂ' ਦਾ ਧੰਨਵਾਦ ਕਰਨ ਲਈ ਗੋਆ ਮੈਡੀਕਲ ਕਾਲਜ ਤੋਂ ਫਲਾਈ ਪਾਸਟ ਕਰ ਕੇ ਸਿਹਤ ਕਰਮਚਾਰੀਆਂ 'ਤੇ ਫੁੱਲ ਸੁੱਟੇ। ਭਾਰਤੀ ਹਵਾਈ ਫੌਜ ਨੇ ਕੋਰੋਨਾ ਮਹਾਮਾਰੀ ਵਿਰੁੱਧ ਮੈਡੀਕਲ ਪੇਸ਼ੇਵਰਾਂ ਤੇ ਫਰੰਟ ਲਾਈਨ ਵਰਕਰਾਂ ਦੇ ਸ਼ਲਾਘਾਯੋਗ ਕੰਮ ਲਈ ਧੰਨਵਾਦ ਪ੍ਰਗਟ ਕਰਨ ਲਈ ਦਿੱਲੀ ਦੇ ਰਾਜਪਥ ਤੋਂ ਉਡਾਣ ਭਰੀ।