ਗੁਮਲਾ: ਝਾਰਖੰਡ ਵਿੱਚ ਇੱਕ ਵਾਰ ਫਿਰ ਮੌਬ ਲਿੰਚਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭੂਤਨੀ ਦੇ ਸ਼ੱਕ 'ਚ ਪਹਿਲਾਂ ਚਾਰ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਫਿਰ ਗਲ਼ ਵੱਢ ਕੇ ਕਤਲ ਕਰ ਦਿੱਤੇ ਗਏ। ਜ਼ਿਲ੍ਹਾ ਗੁਮਲਾ ਦੇ ਸਿਸਈ ਪ੍ਰਖੰਡ ਮੁੱਖ ਦਫ਼ਤਰ ਤੋਂ 25 ਕਿਮੀ ਦੀ ਦੂਰੀ 'ਤੇ ਪਿੰਡ ਸਿਸਕਾਰੀ ਵਿੱਚ ਕਤਲੇਆਮ ਹੋਇਆ। ਐਤਵਾਰ ਤੜਕੇ 3 ਵਜੇ 10 ਤੋਂ 12 ਮੁਲਜ਼ਮਾਂ ਨੇ ਚਾਰ ਜਣਿਆਂ ਨੂੰ ਘਰੋਂ ਬਾਹਰ ਧੂਹਿਆ ਤੇ ਫਿਰ ਗਲ਼ ਵੱਢ ਕੇ ਕਤਲ ਕਰ ਦਿੱਤੇ।


ਕਤਲੇਆਮ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਾਤਲਾਂ ਨੇ ਪੰਚਾਇਤ ਵੀ ਲਾਈ ਸੀ। ਚਾਰਾਂ ਜਣਿਆਂ 'ਤੇ ਤੰਤਰ ਵਿੱਦਿਆ ਤੇ ਟੂਣਾ-ਟੋਟਕਾ ਕਰਨ ਦੇ ਇਲਜ਼ਾਮ ਲੱਗੇ ਸਨ। ਇਸੇ ਕਰਕੇ ਇਨ੍ਹਾਂ ਦਾ ਕਤਲੇਆਮ ਕੀਤਾ ਗਿਆ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਪਹਿਲਾਂ ਦਾ ਭੜਕਿਆ ਸੀ ਪਰ ਪੁਲਿਸ ਨੂੰ ਇਸ ਦੀ ਖ਼ਬਰ ਨਹੀਂ ਲੱਗੀ।

ਮ੍ਰਿਤਕਾਂ ਵਿੱਚ 60 ਸਾਲਾ ਚਾਪਾ ਉਰਾਂਵ, ਉਸ ਦੀ ਪਤਨੀ ਪੀਰਾ ਉਰਾਈਨ ਤੇ ਪਿੰਡ ਦੇ ਦੋ ਹੋਰ ਲੋਕ ਸ਼ਾਮਲ ਹਨ। ਕਤਲ ਨੂੰ ਡਾਇਨ-ਬਿਸਾਹੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਡਾਇਨ ਦੇ ਸ਼ੱਕ ਵਿੱਚ ਕਰੀਬ 3 ਵਜੇ ਭੌਰ ਵਿੱਚ 10 ਤੋਂ 12 ਲੋਕਾਂ ਨੇ ਚਾਂਪਾ ਉਰਾਂਵ ਦੇ ਘਰ ਧਾਵਾ ਬੋਲਿਆ ਤੇ ਚਾਰ ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।