ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਅਮੀਰ ਉਦਯੋਗਪਤੀ ਤੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਤੇ ਐਮਡੀ ਮੁਕੇਸ਼ ਅੰਬਾਨੀ ਦਾ ਸਾਲਾਨਾ ਤਨਖਾਹ ਪੈਕੇਜ ਲਗਾਤਾਰ 11ਵੇਂ ਸਾਲ 15 ਕਰੋੜ ਰੁਪਏ ਦੇ ਪੱਧਰ ’ਤੇ ਬਣਿਆ ਰਿਹਾ। ਅੰਬਾਨੀ ਨੂੰ ਕੰਪਨੀ ਤੋਂ ਮਿਲਣ ਵਾਲੀਆਂ ਸਾਲਾਨਾ ਸਹੂਲਤਾਂ 2008-09 ਤੋਂ ਸਥਿਰ ਹਨ।
ਕੰਪਨੀ ਦੀ ਸਾਲਾਨਾ ਰਿਪੋਰਟ ਅਨੁਸਾਰ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਦੀਆਂ ਕੁੱਲ ਸਹੂਲਤਾਂ ਸਾਲਾਨਾ 15 ਕਰੋੜ ਰੁਪਏ ਦੇ ਪੱਧਰ ’ਤੇ ਬਰਕਰਾਰ ਰੱਖੀਆਂ ਗਈਆਂ ਹਨ। ਇਹ ਕੰਪਨੀ ਵਿੱਚ ਪ੍ਰਬੰਧਕੀ ਪੱਧਰ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਉਨ੍ਹਾਂ ਦੀ ਇੱਛਾ ਸ਼ਕਤੀ ਨੂੰ ਦਰਸਾਉਂਦਾ ਹੈ। ਇਸੇ ਦੌਰਾਨ ਰਿਲਾਇੰਸ ਇੰਡਸਟਰੀ ਦੇ ਪੂਰਨਕਾਲੀ ਡਾਇਰੈਕਟਰਾਂ, ਜਿਨ੍ਹਾਂ ਵਿੱਚ ਉਨ੍ਹਾਂ ਦੇ ਚਚੇਰੇ ਭਰਾ ਨਿਖਿਲ ਮੇਸਵਾਨੀ ਤੇ ਹਿਤਲ ਮੇਸਵਾਨੀ ਸ਼ਾਮਲ ਹਨ, ਦੇ ਮਾਣਭੱਤੇ ’ਚ ਵਿੱਤੀ ਸਾਲ 2019 ’ਚ 31 ਮਾਰਚ ਤੱਕ ਚੰਗਾ ਵਾਧਾ ਦਰਜ ਕੀਤਾ ਗਿਆ ਹੈ।
ਮੁਕੇਸ਼ ਅੰਬਾਨੀ ਨੂੰ ਵਿੱਤੀ ਸਾਲ 2018-19 ਦੌਰਾਨ 4.45 ਕਰੋੜ ਰੁਪਏ ਤਨਖਾਹ ਤੇ ਭੱਤੇ ਦੇ ਰੂਪ ’ਚ ਦਿੱਤੇ ਗਏ ਹਨ। ਉਨ੍ਹਾਂ ਦੀ ਤਨਖਾਹ ਤੇ ਭੱਤੇ 2017-18 ’ਚ 4.49 ਕਰੋੜ ਰੁਪਏ ਸਨ। ਮੁਕੇਸ਼ ਅੰਬਾਨੀ ਨੇ ਸਵੈਇੱਛਾ ਨਾਲ ਆਪਣੀਆਂ ਸਹੂਲਤਾਂ ਸਥਿਰ ਰੱਖਣ ਦਾ ਐਲਾਨ ਅਕਤੂਬਰ 2009 ਵਿੱਚ ਕੀਤਾ ਸੀ। ਨਿਖਿਲ ਤੇ ਹਿਤਲ ਦੋਵਾਂ ਨੂੰ 2018-19 ਨੂੰ ਬਰਾਬਰ 20.57 ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ। ਇਕ ਸਾਲ ਪਹਿਲਾਂ ਇਨ੍ਹਾਂ ਦੋਵਾਂ ਨੂੰ ਬਰਾਬਰ 19.99 ਕਰੋੜ ਰੁਪਏ ਮਿਲੇ ਸਨ।
ਇਸੇ ਦੌਰਾਨ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਪੀਐਮਐਸ ਪ੍ਰਸਾਦ ਦੀ ਤਨਖਾਹ 8.99 ਕਰੋੜ ਰੁਪਏ ਤੋਂ ਵਧਾ ਕੇ 10.01 ਕਰੋੜ ਕੀਤੀ ਗਈ। ਇਸੇ ਤਰ੍ਹਾਂ ਕੰਪਨੀ ਦੇ ਤੇਲ ਸੋਧਕ ਕਾਰੋਬਾਰ ਦੇ ਮੁਖੀ ਪਵਨ ਕੁਮਾਰ ਕਪਿਲ ਦਾ ਮਾਣਭੱਤਾ ਵੀ 3.47 ਕਰੋੜ ਤੋਂ ਵਧ ਕੇ 4.17 ਕਰੋੜ ਰੁਪਏ ਤੇ ਪਹੁੰਚ ਗਿਆ ਹੈ। ਪ੍ਰਸਾਦ ਤੇ ਕਪਿਲ ਵੀ ਕੰਪਨੀ ਦੇ ਪੂਰੇ ਸਮੇਂ ਲਈ ਡਾਇਰੈਕਟਰ ਹਨ।
ਮੁਕੇਸ਼ ਅੰਬਾਨੀ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਨੇ ਮਈ ਮਹੀਨੇ ਭਾਰਤੀ ਏਅਰਟੈਲ ਨੂੰ ਪਛਾੜ ਕੇ ਦੇਸ਼ ਦੀ ਦੂਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਦਾ ਸਥਾਨ ਹਾਸਲ ਕਰ ਲਿਆ ਹੈ। ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਦੇ ਅੰਕੜਿਆਂ ਅਨੁਸਾਰ ਮਈ ਮਹੀਨੇ ’ਚ ਜੀਓ ਦੇ ਗਾਹਕਾਂ ਦੀ ਗਿਣਤੀ 32.29 ਕਰੋੜ ਪਹੁੰਚ ਗਈ ਹੈ।
ਮੁਕੇਸ਼ ਅੰਬਾਨੀ ਨੇ 11ਵੇਂ ਸਾਲ ਵੀ ਨਹੀਂ ਵਧਾਈ ਤਨਖਾਹ, 15 ਕਰੋੜ 'ਚ ਕਰਨਗੇ ਗੁਜ਼ਾਰਾ
ਏਬੀਪੀ ਸਾਂਝਾ
Updated at:
21 Jul 2019 12:32 PM (IST)
ਭਾਰਤ ਦੇ ਸਭ ਤੋਂ ਅਮੀਰ ਉਦਯੋਗਪਤੀ ਤੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਤੇ ਐਮਡੀ ਮੁਕੇਸ਼ ਅੰਬਾਨੀ ਦਾ ਸਾਲਾਨਾ ਤਨਖਾਹ ਪੈਕੇਜ ਲਗਾਤਾਰ 11ਵੇਂ ਸਾਲ 15 ਕਰੋੜ ਰੁਪਏ ਦੇ ਪੱਧਰ ’ਤੇ ਬਣਿਆ ਰਿਹਾ। ਅੰਬਾਨੀ ਨੂੰ ਕੰਪਨੀ ਤੋਂ ਮਿਲਣ ਵਾਲੀਆਂ ਸਾਲਾਨਾ ਸਹੂਲਤਾਂ 2008-09 ਤੋਂ ਸਥਿਰ ਹਨ।
- - - - - - - - - Advertisement - - - - - - - - -