ਨਵੀਂ ਦਿੱਲੀ: ਲਾਟਰੀ ਟਿਕਟਾਂ ਦੀ ਆੜ ਹੇਠ ਧੋਖਾਧੜੀ ਕਰਨ ਵਾਲੇ ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਸਹਿਯੋਗੀਆਂ ਦੀ 409 ਕਰੋੜ ਰੁਪਏ ਦੀ ਚੱਲ ਜਾਇਦਾਦ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਸਥਾਈ ਤੌਰ 'ਤੇ ਜ਼ਬਤ ਕਰ ਲਿਆ ਹੈ। ਇਹ ਕੰਪਨੀ ਸਿੱਕਮ ਅਤੇ ਨਾਗਾਲੈਂਡ ਰਾਜ ਵੱਲੋਂ ਆਯੋਜਿਤ ਕਾਗਜ਼ੀ ਲਾਟਰੀਆਂ ਦੀ ਇਕਲੌਤੀ ਵਿਤਰਕ ਹੈ, ਜੋ ਉੱਥੇ ਬਹੁ ਚਰਚਿਤ ਡੀਅਰ ਲਾਟਰੀ ਚਲਾਉਂਦੀ ਹੈ।


ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਜੋ ਰਕਮ ਜ਼ਬਤ ਕੀਤੀ ਗਈ ਹੈ, ਉਹ ਇਸ ਕੰਪਨੀ ਅਤੇ ਇਸ ਦੇ ਸਹਿਯੋਗੀਆਂ ਦੇ ਬੈਂਕ ਖਾਤਿਆਂ ਅਤੇ ਮਿਊਚਲ ਫੰਡ ਹੋਲਡਿੰਗਜ਼ ਵਿਚ ਬਕਾਇਆ ਦੇ ਰੂਪ ਵਿਚ ਹੈ। ਅਧਿਕਾਰੀ ਦੇ ਅਨੁਸਾਰ, ਈਡੀ ਨੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਲਾਟਰੀ ਨਿਯਮ, 1998 ਦੀ ਧਾਰਾ 9 ਦੇ ਤਹਿਤ ਕੋਲਕਾਤਾ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਅਧਾਰ 'ਤੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ 'ਚ ਦੋਸ਼ ਹੈ ਕਿ ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਸਿੱਕਮ ਅਤੇ ਨਾਗਾਲੈਂਡ ਰਾਜ ਵੱਲੋਂ ਚਲਾਈ ਜਾਣ ਵਾਲੀ ਇਕਲੌਤੀ ਕਾਗਜ਼ੀ ਲਾਟਰੀ ਦੀ ਇਕਮਾਤਰ ਵਿਤਰਕ ਹੈ ਜੋ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਇਹ ਕੰਮ ਕਰਦੀ ਹੈ।


400 ਕਰੋੜ ਰੁਪਏ ਦੀ ਧੋਖਾਧੜੀ -
ਇਸ ਮਾਮਲੇ ਵਿੱਚ ਦੋਸ਼ ਹੈ ਕਿ ਇਸ ਕੰਪਨੀ ਅਤੇ ਇਸ ਦੇ ਸਹਿਯੋਗੀਆਂ ਨੇ ਇੱਕ ਅਪਰਾਧਿਕ ਸਾਜ਼ਿਸ਼ ਰਚੀ ਅਤੇ ਲਾਟਰੀ ਟਿਕਟਾਂ ਦੀ ਵਿਕਰੀ ਦੀ ਆੜ ਵਿੱਚ ਰਾਜ ਸਰਕਾਰਾਂ ਨੂੰ ਲਗਭਗ 400 ਕਰੋੜ ਰੁਪਏ ਦਾ ਚੂਨਾ ਲਗਾਇਆ। ਇਹ ਵੀ ਦੋਸ਼ ਹੈ ਕਿ ਜਿਹੜੀਆਂ ਲਾਟਰੀ ਟਿਕਟਾਂ ਨਹੀਂ ਵਿਕੀਆਂ, ਉਨ੍ਹਾਂ ਨਾਲ ਵੀ ਧੋਖਾਧੜੀ ਕੀਤੀ ਗਈ। ਦੋਸ਼ ਹੈ ਕਿ ਕੰਪਨੀ ਅਤੇ ਇਸ ਦੇ ਸਬ-ਡਿਸਟ੍ਰੀਬਿਊਟਰਾਂ ਨੇ ਸਾਲ 2014 ਤੋਂ ਸਾਲ 2017 ਤੱਕ ਧੋਖਾਧੜੀ ਨਾਲ ਗੈਰ-ਕਾਨੂੰਨੀ ਤਰੀਕੇ ਨਾਲ 400 ਕਰੋੜ ਰੁਪਏ ਕਮਾਏ। ਇਹ ਵੀ ਦੋਸ਼ ਹੈ ਕਿ ਸੂਬਾ ਸਰਕਾਰ ਦੀ ਸਿਫ਼ਾਰਿਸ਼ ਤੋਂ ਬਿਨਾਂ ਇਨ੍ਹਾਂ ਲੋਕਾਂ ਨੇ ਅਜਿਹੀਆਂ ਕਈ ਸਕੀਮਾਂ ਚਲਾਈਆਂ, ਜਿਨ੍ਹਾਂ ਦਾ ਸਿੱਧਾ ਫਾਇਦਾ ਕੰਪਨੀ ਅਤੇ ਉਸ ਦੇ ਡਿਸਟ੍ਰੀਬਿਊਟਰ ਨੂੰ ਹੋਇਆ। ਇਸ ਮਾਮਲੇ ਦੀ ਜਾਂਚ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲਗਭਗ ਸਾਰੀ ਰਕਮ ਦੀ ਅਪਰਾਧਿਕ ਜਾਇਦਾਦ ਦੀ ਪਛਾਣ ਕੀਤੀ ਹੈ ਅਤੇ ਹੁਣ ਸ਼ੁਰੂਆਤੀ ਤੌਰ 'ਤੇ ਇਸ ਨੂੰ ਜ਼ਬਤ ਕਰ ਲਿਆ ਗਿਆ ਹੈ, ਮਾਮਲੇ ਦੀ ਜਾਂਚ ਜਾਰੀ ਹੈ।