ਸ਼੍ਰੀਨਗਰ: ਉੱਤਰੀ ਭਾਰਤ ‘ਚ ਠੰਢ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ‘ਚ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਤਕ ਰਾਹਤ ਨਾ ਮਿਲਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ‘ਚ ਘੱਟੋ-ਘੱਟ ਤਾਪਮਾਨ 4 ਡਿਗਰੀ ਤੇ ਵੱਧ ਤੋਂ ਵੱਢ ਤਾਪਮਾਨ 15 ਡਿਗਰੀ ਤਕ ਰਹਿਣ ਦਾ ਅੰਦਾਜ਼ਾ ਜਤਾਇਆ ਹੈ।


ਠੰਢ ਤੇ ਸੀਤ ਲਹਿਰ ਦੇ ਨਾਲ ਹੀ ਸੰਘਣੀ ਧੁੰਦ ਨਾਲ ਆਮ ਜਨ-ਜੀਵਨ ‘ਤੇ ਕਾਫੀ ਪ੍ਰਭਾਅ ਪੈ ਰਿਹਾ ਹੈ। ਦੇਸ਼ ਭਰ ਵਿੱਚੋਂ ਜੰਮੂ ਜਾਣ ਵਾਲੀਆਂ ਟ੍ਰੇਨਾਂ ਦੇਰੀ ਨਾਲ ਪਹੁੰਚ ਰਹੀਆਂ ਹਨ। ਉਧਰ ਮੌਸਮ ਖਰਾਬ ਹੋਣ ਕਰਕੇ ਪਿਛਲੇ ਦੋ ਦਿਨਾਂ ਤੋਂ ਬੰਦ ਪਏ ਜੰਮੂ-ਸ਼੍ਰੀਨਗਰ ਹਾਈਵੇ ਨੂੰ ਸੋਮਵਾਰ ਸ਼ਾਮ ਨੂੰ ਖੋਲ੍ਹ ਦਿੱਤਾ ਗਿਆ ਪਰ ਮੰਗਲਵਾਰ ਨੂੰ ਹਾਈਵੇਅ ‘ਤੇ ਫਸੇ ਵਾਹਨਾਂ ਨੂੰ ਨਿਕਲਣ ਦੀ ਇਜਾਜ਼ਤ ਨਹੀਂ ਮਿਲੀ।

ਇਸ ਮੌਸਮ ਦਾ ਅਸਰ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ‘ਤੇ ਨਹੀਂ ਪੈ ਰਿਹਾ ਹੈ। ਕਟੜਾ ਦਾ ਘੱਟੋ ਘੱਟ ਤਾਪਮਾਨ 5.7 ਡਿਗਰੀ ਹੈ ਜਿੱਥੇ ਅਜੇ ਵੀ ਭਗਤ ਦਰਸ਼ਨਾਂ ਲਈ ਪਹੁੰਚ ਰਹੇ ਹਨ। ਦਰਸ਼ਨਾਂ ਲਈ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਮੌਸਮ ‘ਚ ਦਰਸ਼ਨ ਵੀ ਹੋ ਜਾਣ ਤਾਂ ਇਸ ਤੋਂ ਵਧੀਆ ਨਜ਼ਾਰਾ ਕੁਝ ਨਹੀਂ।