ਸੋਨੀਪਤ: ਹਰਿਆਣਾ ਸਰਕਾਰ ਨੇ ਕੋਰੋਨਾਵਾਇਰਸ ਦੇ ਫੈਲਾ ਨੂੰ ਰੋਕਣ ਲਈ ਹਰਿਆਣਾ ਵਿੱਚ ਇੱਕ ਹਫਤੇ ਲਈ ਲੌਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਗ੍ਰਹਿ ਤੇ ਸਿਹਤ ਰਾਜ ਮੰਤਰੀ ਅਨਿਲ ਵਿੱਜ ਨੇ ਐਤਵਾਰ ਨੂੰ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਸਰਕਾਰ ਦੇ ਇਸ ਫੈਸਲੇ ਤੋਂ ਡਰੇ ਮਜ਼ਦੂਰ ਆਪਣੇ ਪਿੱਤਰੀ ਸੂਬਿਆਂ ਵੱਲ ਨੂੰ ਕੂਚ ਕਰਨ ਲੱਗ ਗਏ ਹਨ।
ਅੱਜ ਸੋਨੀਪਤ ਰੇਲਵੇ ਸਟੇਸ਼ਨ ਤੇ ਮਜ਼ਦੂਰਾਂ ਦੀ ਵੱਡੀ ਭੀੜ ਦੇਖੀ ਗਈ ਜੋ ਆਪਣੇ ਰਾਜਾਂ ਨੂੰ ਵਾਪਸ ਜਾਣ ਲਈ ਇੱਥੇ ਇਕੱਠੇ ਹੋਏ। ਮਜ਼ਦੂਰਾਂ ਦਾ ਕੰਮ ਕਾਜ ਠੱਪ ਹੋ ਗਿਆ ਹੈ ਤੇ ਉਨ੍ਹਾਂ ਦੀ ਜ਼ਿੰਦਗੀ ਇੱਕ ਵਾਰ ਫੇਰ ਮੁਸ਼ਕਲਾਂ ਨਾਲ ਘਿਰ ਗਈ ਹੈ।
ਅਨਿਲ ਵਿੱਜ ਨੇ ਟਵੀਟ ਕੀਤਾ 'ਮਹਾਮਾਰੀ ਚਿਤਾਵਨੀ: ਸੁਰੱਖਿਅਤ ਹਰਿਆਣਾ ਨੇ ਕੋਰੋਨਾ ਦੀ ਦੂਜੀ ਲਹਿਰ ਨੂੰ ਰੋਕਣ ਲਈ 10 ਮਈ ਤੋਂ 17 ਮਈ ਤੱਕ ਸਖਤੀ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਜਲਦੀ ਹੀ ਇਕ ਵਿਸਥਾਰਤ ਆਦੇਸ਼ ਜਾਰੀ ਕੀਤਾ ਜਾਵੇਗਾ।
ਦੱਸ ਦੇਈਏ ਕਿ ਹਰਿਆਣਾ ਸਰਕਾਰ ਨੇ ਪਹਿਲਾਂ 3 ਮਈ ਨੂੰ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਸੀ ਜੋ 10 ਮਈ ਨੂੰ ਖ਼ਤਮ ਹੋ ਰਿਹਾ ਹੈ ਪਰ ਇਸ ਤੋਂ ਕੁਝ ਘੰਟੇ ਪਹਿਲਾਂ ਰਾਜ ਸਰਕਾਰ ਨੇ ਲੌਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਹਾਲਾਂਕਿ, ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਆਦੇਸ਼ ਜਾਰੀ ਨਹੀਂ ਕੀਤਾ ਗਿਆ ਪਰ ਅਨਿਲ ਵਿੱਜ ਅਨੁਸਾਰ ਸੋਮਵਾਰ ਸਵੇਰ ਤੱਕ ਰਾਜ ਸਰਕਾਰ ਲੌਕਡਾਊਨ ਵਧਾਉਣ ਤੇ ਨਵੇਂ ਨਿਯਮਾਂ ਨਾਲ ਸਬੰਧਤ ਆਦੇਸ਼ ਜਾਰੀ ਕਰ ਸਕਦੀ ਹੈ।
ਹਰਿਆਣਾ ਸਰਕਾਰ ਕੋਰੋਨਾ ਦੀ ਚੇਨ ਤੋੜ ਲਈ ਸਖ਼ਤ ਕੱਦਮ ਚੁੱਕ ਰਹੀ ਹੈ ਪਰ ਇਸ ਨਾਲ ਪਰਵਾਸੀ ਮਜ਼ਦੂਰ ਬੇਹੱਦ ਡਰ ਗਏ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਪਿਛਲੇ ਸਾਲ ਵਾਂਗ ਇਸ ਵਾਰ ਵੀ ਲੌਕਡਾਊਨ ਨਾਲ ਉਹਨਾਂ ਨੂੰ ਪ੍ਰੇਸ਼ਾਨੀਆਂ ਆ ਸਕਦੀਆਂ ਹਨ। ਲੌਕਡਾਊਨ ਕਾਰਨ ਫਿਲਹਾਲ ਉਨ੍ਹਾਂ ਦਾ ਕੰਮਕਾਜ ਵੀ ਠੱਪ ਹੋ ਚੁੱਕਾ ਹੈ ਤੇ ਉਨ੍ਹਾਂ ਦੀ ਰੋਜ਼ੀ ਰੋਟੀ ਤੇ ਸੰਕਟ ਆ ਗਿਆ ਹੈ। ਇਸ ਲਈ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਝਾਰਖੰਡ ਆਦਿ ਤੋਂ ਆਏ ਹੋਏ ਪਰਵਾਸੀ ਮਜ਼ਦੂਰ ਹੁਣ ਆਪਣੇ ਘਰਾਂ ਨੂੰ ਪਰਤਣ ਲਈ ਲਗਾਤਾਰ ਸੋਨੀਪਤ ਸਟੇਸ਼ਨ ਤੇ ਇਕੱਠੇ ਹੁੰਦੇ ਜਾ ਰਹੇ ਹਨ।