ਨਵੀਂ ਦਿੱਲੀ: ਭਾਰਤ ਦੇਸ਼ ’ਚ ਵਧਦੇ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ’ਚ ਅਮਰੀਕਾ ਦੇ ਚੋਟੀ ਦੇ ਸਿਹਤ ਮਾਹਿਰ ਡਾ. ਐਨਥੋਨੀ ਫ਼ਾਉਚੀ ਦਾ ਕਹਿਣਾ ਹੈ ਕਿ ਸਾਰੇ ਲੋਕਾਂ ਦੇ ਵੈਕਸੀਨ ਲਾਉਣਾ ਹੀ ਕੋਰੋਨਾ ਤੋਂ ਬਚਣ ਦਾ ਇੱਕੋ-ਇੱਕ ਹੱਲ ਹੈ। ਡਾ. ਐਨਥੋਨੀ ਫ਼ਾਊਚੀ ਨੇ ਕਿਹਾ ਕਿ ਜੇ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣਾ ਹੈ, ਤਾਂ ਵੱਧ ਤੋਂ ਵੱਧ ਲੋਕਾਂ ਨੂੰ ਪਹਿਲਾਂ ਵੈਕਸੀਨ ਲੈਣੀ ਹੋਵੇਗੀ, ਇਹੋ ਇਸ ਦਾ ਲੰਮੇ ਸਮੇਂ ਦਾ ਇਲਾਜ ਤੇ ਹੱਲ ਹੈ।

 

ਵਧੇਰੇ ਵੈਕਸੀਨੇਸ਼ਨ ਲਈ ਉਤਪਾਦਨ ਵਧਾਉਣਾ ਹੋਵੇਗਾ
ਇਸ ਲਈ ਫ਼ਾਊਚੀ ਨੇ ਵੈਕਸੀਨ ਦਾ ਉਤਪਾਦਨ ਵਧਾਉਣ ’ਤੇ ਜ਼ੋਰ ਦਿੱਤਾ ਹੈ। ਦੱਸ ਦੇਈਏ ਕਿ ਡਾਕਟਰ ਐਨਥੋਨੀ ਫ਼ਾਊਚੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਦੇ ਮੁੱਖ ਮੈਡੀਕਲ ਸਲਾਹਕਾਰ ਹਨ ਤੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਜੇ ਮਹਾਮਾਰੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ, ਤਾਂ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਵਾਉਣੀ ਹੋਵੇਗੀ।

 
ਡਾ. ਫ਼ਾਊਚੀ ਨੇ ਅੱਗੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਹੈ। ਭਾਰਤ ਨੂੰ ਨਾ ਸਿਰਫ਼ ਅੰਦਰੋਂ ਬਾਹਰੋਂ ਵੀ ਆਪਣੇ ਵਸੀਲੇ ਮਿਲ ਰਹੇ ਹਨ। ਇਸ ਲਈ ਦੂਜੇ ਦੇਸ਼ਾਂ ਨੂੰ ਭਾਰਤ ਨੁੰ ਇੱਥੇ ਟੀਕਾ ਨਿਰਮਾਣ ਲਈ ਸਹਾਇਤਾ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਡਾ. ਫ਼ਾਊਚੀ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਪਿਛਲੇ ਸਾਲ ਚੀਨ ਨੇ ਅਸਥਾਈ ਹਸਪਤਾਲ ਬਣਾਏ ਸਨ, ਠੀਕ ਉਸੇ ਤਰ੍ਹਾਂ ਭਾਰਤ ਨੂੰ ਵੀ ਕਰਨ ਦੀ ਜ਼ਰੂਰਤ ਹੈ।

 

ਡਾ. ਫ਼ਾਊਚੀ ਨੇ ਅੱਗੇ ਕਿਹਾ ਕਿ ਭਾਰਤ ਨੂੰ ਇੰਝ ਕਰਨਾ ਹੀ ਹੋਵੇਗਾ ਕਿਉਂਕਿ ਹਸਪਤਾਲ ’ਚ ਬਿਸਤਰੇ ਨਾ ਹੋਣ ਕਾਰਣ ਲੋਕਾਂ ਨੂੰ ਸੜਕਾਂ ਉੱਤੇ ਨਹੀਂ ਛੱਡਿਆ ਜਾ ਸਕਦਾ। ਆਕਸੀਜਨ ਨੂੰ ਲੈ ਕੇ ਹਾਲਤ ਬਹੁਤ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਲੋਕਾਂ ਨੂੰ ਆਕਸੀਜਨ ਨਾ ਮਿਲਣਾ ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਸੁਆਲ ਕੀਤਾ ਕਿ ਆਖ਼ਰ ਭਾਰਤ ’ਚ ਹੋ ਕੀ ਰਿਹਾ ਹੈ।

 

ਇਸ ਤੋਂ ਇਲਾਵਾ ਡਾ. ਫ਼ਾਊਚੀ ਨੇ ਕਿਹਾ ਕਿ ਮੌਜੂਦਾ ਸਮੇਂ ਜੇ ਕੋਰੋਨਾ ਦੀ ਲਾਗ ਉੱਤੇ ਰੋਕ ਲਾਉਣੀ ਹੈ, ਤਾਂ ਦੇਸ਼ ਭਰ ਵਿੱਚ ਲੌਕਡਾਊਨ ਲਾਉਣਾ ਬਹੁਤ ਜ਼ਰਰੀ ਹੈ।