ਕੋਲੋਰਾਡੋ ਸਪ੍ਰਿੰਗਜ਼: ਅਮਰੀਕਾ ਦੇ ਕੋਲੋਰਾਡੋ ’ਚ ਇੱਕ ਜਨਮ ਦਿਨ ਦੀ ਪਾਰਟੀ ਦੌਰਾਨ ਇੱਕ ਬੰਦੂਕਧਾਰੀ ਨੇ ਛੇ ਵਿਅਕਤੀਆਂ ਦਾ ਕਤਲ ਕਰਨ ਤੋਂ ਬਾਅਦ ਆਪਣੀ ਵੀ ਜਾਨ ਲੈ ਲਈ। ਪੁਲਿਸ ਅਨੁਸਾਰ ਕੋਲੋਰਾਡੋ ਸਪ੍ਰਿੰਗਜ਼ ’ਚ ਇੱਕ ਘਰ ਅੰਦਰ ਐਤਵਾਰ ਅੱਧੀ ਰਾਤ ਤੋਂ ਕੁਝ ਦੇਰ ਬਾਅਦ ਗੋਲੀਬਾਰੀ ਹੋਈ।

 
‘ਕੋਲੋਰਾਡੋ ਸਪ੍ਰਿੰਗਜ਼ ਗਜ਼ਟ’ ਅਨੁਸਾਰ ਅਧਿਕਾਰੀਆਂ ਨੂੰ  ਘਟਨਾ ਸਥਾਨ ਉੱਤੇ ਛੇ ਵਿਅਕਤੀ ਮ੍ਰਿਤਕ ਹਾਲਤ ਵਿੱਚ ਮਿਲੇ ਤੇ ਇੱਕ ਗੰਭੀਰ ਰੂਪ ’ਚ ਜ਼ਖ਼ਮੀ ਵਿਅਕਤੀ ਵੀ ਮਿਲਿਆ, ਜਿਸ ਨੇ ਬਾਅਦ ’ਚ ਹਸਪਤਾਲ ਜਾ ਕੇ ਦਮ ਤੋੜ ਦਿੱਤਾ।

 
ਪੁਲਿਸ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਪਾਰਟੀ ’ਚ ਮੌਜੂਦ ਇੱਕ ਲੜਕੀ ਦਾ ਦੋਸਤ ਸੀ। ਪਾਰਟੀ ’ਚ ਬੱਚੇ ਵੀ ਸ਼ਾਮਲ ਸਨ। ਬੰਦੂਕਧਾਰੀ ਅੰਦਰ ਆਇਆ। ਉਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਪਹਿਲਾਂ ਛੇ ਜਾਨਾਂ ਲਈਆਂ ਤੇ ਫਿਰ ਬਾਅਦ ’ਚ ਆਪਣੇ ਵੀ ਗੋਲੀ ਮਾਰ ਲਈ। ਪੁਲਿਸ ਅਨੁਸਾਰ ਜਿਸ ਵਿਅਕਤੀ ਲਈ ਸਮਾਰੋਹ ਆਯੋਜਿਤ ਕੀਤਾ ਗਿਆ ਸੀ; ਭਾਵ ਜਿਸ ਦਾ ਜਨਮ ਦਿਨ ਸੀ, ਉਸ ਦੀ ਵੀ ਗੋਲੀਬਾਰੀ ਦੌਰਾਨ ਮੌਤ ਹੋ ਗਈ ਹੈ।

 

ਗੁਆਂਢੀ ਜੈਨੀਫ਼ਰ ਰੇਯੇਸ ਨੇ ‘ਦਿ ਡੈਨਵਰ ਪੋਸਟ’ ਨੂੰ ਦੱਸਿਆ ਕਿ ਉਹ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਨੀਂਦਰ ’ਚੋਂ ਜਾਗ ਪਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਾ ਕਿ ਜਿਵੇਂ ਕਿਤੇ ਨੇੜੇ-ਤੇੜੇ ਬਿਜਲੀ ਡਿੱਗੀ ਹੈ। ਉਸ ਤੋਂ ਬਾਅਦ ਪੁਲਿਸ ਦੇ ਸਾਈਰਨ ਸੁਣਨ ਲੱਗੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ ’ਚ ਕਿਸੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਪੁਲਿਸ ਨੇ ਪੀੜਤਾਂ ਜਾਂ ਹਮਲਾਵਰ ਦੀ ਸ਼ਨਾਖ਼ਤ ਹਾਲੇ ਜੱਗ ਜ਼ਾਹਿਰ ਨਹੀਂ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਦਾ ਕਾਰਣ ਹਾਲੇ ਪਤਾ ਨਹੀਂ ਚੱਲ ਸਕਿਆ।

 

ਇਸ ਤੋਂ ਪਹਿਲਾਂ ਕੋਲੋਰਾਡੋ ਦੀ ਬੋਲਡਰ ਸੁਪਰ ਮਾਰਕਿਟ ’ਚ ਬੀਤੀ 22 ਮਾਰਚ ਨੂੰ ਵੀ ਇੱਕ ਬੰਦੂਕਧਾਰੀ ਦੀ ਗੋਲੀਬਾਰੀ ’ਚ 10 ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਇਹ ਕੋਲੋਰਾਡੋ ’ਚ ਗੋਲੀਬਾਰੀ ਦੀ ਸਭ ਤੋਂ ਭਿਆਨਕ ਘਟਨਾ ਹੈ। ਗਵਰਨਰ ਜਾਰੇਦ ਪੋਲਿਸ ਨੇ ਇਸ ਘਟਨਾ ’ਚ ਮਾਰੇ ਗਏ ਲੋਕਾਂ ਲਈ ਸ਼ੋਕ ਪ੍ਰਗਟਾਇਆ ਹੈ।