ਓਟਾਵਾ: ਕੋਰੋਨਾ ਦੇ ਕਹਿਰ ਦੁਨੀਆ ਭਰ ਵਿੱਚ ਤਬਾਹੀ ਬਚਾ ਰਿਹਾ ਹੈ। ਬੇਸ਼ੱਕ ਕੈਨੇਡਾ ਕੋਰੋਨਾ ਦੀ ਜੰਗ ਵਿੱਚੋਂ ਉੱਭਰਿਆ ਹੈ ਪਰ ਇੱਥੋਂ ਦੀ ਆਰਥਿਕਤਾ ਨੂੰ ਵੱਡੀ ਢਾਅ ਲੱਗੀ ਹੈ। ਹਾਲਾਤ ਇਹ ਹਨ ਕਿ ਕੈਨੇਡਾ ’ਚ ਬੇਰੋਜ਼ਗਾਰੀ ਦੀ ਦਰ ਇੱਕ ਮਹੀਨੇ ’ਚ 0.6% ਵਧ ਕੇ ਅਪ੍ਰੈਲ ਮਹੀਨੇ ਦੌਰਾਨ 8.1 ਫ਼ੀਸਦੀ ਹੋ ਗਈ ਹੈ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕੋਵਿਡ-19 ਮਹਾਮਾਰੀ ਵਿਰੁੱਧ ਜਨ ਸਿਹਤ ਵਿਭਾਗ ਦੀਆਂ ਸਖ਼ਤੀਆਂ ਕਾਰਨ ਹੋਇਆ ਹੈ।
‘ਸਟੈਟਿਸਟਿਕਸ ਕੈਨੇਡਾ’ ਵੱਲੋਂ ਜਾਰੀ ਬਿਆਨ ਅਨੁਸਾਰ ਅਪ੍ਰੈਲ ਮਹੀਨੇ ਰੋਜ਼ਗਾਰ ਵਿੱਚ 1.1 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ। ਮਾਰਚ ਤੋਂ ਅਪ੍ਰੈਲ ਮਹੀਨੇ ਦੌਰਾਨ 1,29,000 ਵਿਅਕਤੀਆਂ ਨੂੰ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ ਹਨ। ਉੱਧਰ ਪਾਰਟ ਟਾਈਮ ਕੰਮ ਵਿੱਚ ਵੀ 2.3 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ।
ਖ਼ਬਰ ਏਜੰਸੀ ‘ਜ਼ਿਨਹੂਆ’ ਅਨੁਸਾਰ ਕੈਨੇਡਾ ’ਚ ਉਂਝ 2.88 ਲੱਖ ਵਿਅਕਤੀਆਂ ਨੂੰ ਰੋਜ਼ਗਾਰ ਮਿਲਿਆ ਤੇ ਘਰਾਂ ’ਚ ਰਹਿ ਕੇ ਕੰਮ ਕਰਨ ਵਾਲਿਆਂ ਦੀ ਗਿਣਤੀ ਵਿੱਚ 1 ਲੱਖ ਤੋਂ 51 ਲੱਖ ਦਾ ਵਾਧਾ ਦਰਜ ਕੀਤਾ ਗਿਆ ਹੈ। ਅਪ੍ਰੈਲ ਮਹੀਨੇ ਕੰਮ ਵਾਲੇ ਕੁੱਲ ਘੰਟਿਆਂ ਦੀ ਗਿਣਤੀ ਵਿੱਚ 2.7 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਵਿਦਿਅਕ ਸੇਵਾਵਾਂ, ਰਿਹਾਇਸ਼ ਤੇ ਭੋਜਨ ਸੇਵਾਵਾਂ ਦੇ ਨਾਲ-ਨਾਲ ਪ੍ਰਚੂਨ ਕਾਰੋਬਾਰ ਵਿੱਚ ਕਮੀ ਦਰਜ ਕੀਤੀ ਗਈ ਹੈ।
ਅਪ੍ਰੈਲ ਮਹੀਨੇ ’ਚ ਪਿਛਲੇ 27 ਹਫ਼ਤਿਆਂ ਤੋਂ ਬੇਰੋਜ਼ਗਾਰ ਕੈਨੇਡੀਅਨਾਂ ਦੀ ਗਿਣਤੀ ਵਧ ਕੇ 4.86 ਲੱਖ ਤੱਕ ਪੁੱਜ ਗਈ ਹੈ। ਮਹਾਮਾਰੀ ਕਾਰਣ ਬਹੁਤ ਸਾਰੇ ਉਦਯੋਗਾਂ ਵਿੱਚ ਰੋਜ਼ਗਾਰ ਸਿੱਧੇ ਤੌਰ ਉੱਤੇ ਪ੍ਰਭਾਵਿਤ ਹੋਇਆ ਹੈ। ਅਪ੍ਰੈਲ ਮਹੀਨੇ 3 ਲੱਖ 3 ਹਜ਼ਾਰ ਲੋਕ ਬੇਰੋਜ਼ਗਾਰ ਹੋਏ। ‘ਸਟੈਟਿਸਕਸ ਕੈਨੇਡਾ’ ਅਨੁਸਾਰ ਜੇ ਉਨ੍ਹਾਂ ਕੈਨੇਡੀਅਨਾਂ ਨੂੰ ਵੀ ਅੰਕੜਿਆਂ ’ਚ ਸ਼ਾਮਲ ਕਰ ਲਿਆ ਜਾਵੇ, ਜਿਨ੍ਹਾਂ ਨੇ ਮਾਰਚ ਮਹੀਲੇ ਦੌਰਾਨ ਕੋਈ ਨੌਕਰੀ ਲੱਭਣ ਦੀ ਖੇਚਲ ਹੀ ਨਹੀਂ ਕੀਤੀ, ਤਾਂ ਬੇਰੋਜ਼ਗਾਰੀ ਦੀ ਦਰ 10.5 ਫ਼ੀਸਦੀ ਹੋ ਜਾਵੇਗੀ।
ਲੌਕਡਾਊਨ ਤੇ ਸਖ਼ਤ ਪਾਬੰਦੀਆਂ ਮਈ ਮਹੀਨੇ ਵੀ ਜਾਰੀ ਰਹਿਣਗੀਆਂ, ਇਸ ਲਈ ਬੇਰੋਜ਼ਗਾਰੀ ਵਿੱਚ ਹੋਰ ਵੀ ਵਾਧਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।