ਨਵੀਂ ਦਿੱਲੀ: ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਸਿੱਖ ਫੌਜੀ ਅਫਸਰ ’ਤੇ ਤਸ਼ੱਦਦ ਢਾਹੁਣ ਦਾ ਮਾਮਲਾ ਗਰਮਾ ਗਿਆ ਹੈ। ਚੁਫੇਰਿਓਂ ਵਿਰੋਧ ਹੋਣ ਮਗਰੋਂ ਅੱਠ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਮਲੇ ਦਾ ਸਖਤ ਨੋਟਿਸ ਲੈਣ ਮਗਰੋਂ ਸੂਬਾ ਸਰਕਾਰ ਵੀ ਹਰਕਤ ਵਿੱਚ ਆਈ ਹੈ।


 


ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਯੂਪੀ ਪੁਲਿਸ ਨੇ ਸਾਬਕਾ ਸਿੱਖ ਫੌਜੀ ਅਫਸਰ ’ਤੇ ਤਸ਼ੱਦਦ ਢਾਹਿਆ, ਉਸ ਨਾਲ ਬਦਸਲੂਕੀ ਕੀਤੀ ਤੇ ਉਸ ਦੇ ਧਰਮ ਦਾ ਅਪਮਾਨ ਕੀਤਾ। ਦਿੱਲੀ ਕਮੇਟੀ ਵੱਲੋਂ ਦਾਇਰ ਸ਼ਿਕਾਇਤ ’ਤੇ 8 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।


 


ਸਿਰਸਾ ਨੇ ਦੱਸਿਆ ਕਿ ਜ਼ਿਲ੍ਹਾ ਪੀਲੀਭੀਤ ਦੇ ਥਾਣਾ ਪੂਰਨਪੁਰ ਵਿੱਚ ਪੁਲਿਸ ਮੁਲਾਜ਼ਮ ਰਾਮ ਨਰੇਸ਼ ਸਿੰਘ, ਰਈਸ ਅਹਿਮਦ ਤੇ 6 ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੇ ਹੀ ਰੇਸ਼ਮ ਸਿੰਘ ਨਾਲ ਹਿਰਾਸਤੀ ਕੁੱਟਮਾਰ ਕੀਤੀ, ਉਸ ’ਤੇ ਅਣਮਨੁੱਖੀ ਤਸ਼ੱਦਦ ਢਾਹਿਆ ਤੇ ਉਸ ਦੇ ਧਰਮ ਦਾ ਅਪਮਾਨ ਕੀਤਾ। ਸਿਰਸਾ ਨੇ ਕਿਹਾ ਕਿ ਐਸਪੀ ਪੀਲੀਪੀਤ ਕਿਰਿਤ ਰਾਠੌਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਦੋਸ਼ੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।