ਵਾਰਾਣਸੀ: ਇਨ੍ਹੀਂ ਦਿਨੀਂ ਪੂਰਾ ਦੇਸ਼ ਭਿਆਨਕ ਗਰਮੀ ਦੀ ਮਾਰ ਝੱਲ ਰਿਹਾ ਹੈ। ਮੌਨਸੂਨ ਬੇਹੱਦ ਮੱਠੀ ਰਫਤਾਰ ਨਾਲ ਉੱਤਰੀ ਭਾਰਤ ਵੱਲ ਵਧ ਰਿਹਾ ਹੈ। ਬੇਸ਼ੱਕ ਹਰਿਆਣਾ-ਪੰਜਾਬ ਦੇ ਕੁਝ ਖੇਤਰਾਂ ‘ਚ ਵੀਰਵਾਰ ਸਵੇਰੇ ਚੰਗੀ ਬਾਰਸ਼ ਹੋਈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਪਰ ਉੱਤਰ ਪ੍ਰਦੇਸ਼ ‘ਚ ਬਾਰਸ਼ ਹੋਣ ਲਈ ਲੋਕਾਂ ਵੱਲੋਂ ਅਜੀਬੋ-ਗਰੀਬ ਤਰੀਕੇ ਅਪਨਾਏ ਜਾ ਰਹੇ ਹਨ।

ਜੀ ਹਾਂ, ਇਸੇ ਸਿਲਸਿਲੇ ‘ਚ ਵਾਰਾਣਸੀ ‘ਚ ਡੱਡੂਆਂ ਦਾ ਵਿਆਹ ਕੀਤਾ ਗਿਆ ਤਾਂ ਜੋ ਚੰਗੀ ਬਾਰਸ਼ ਹੋ ਸਕੇ। ਲਗਾਤਾਰ ਵਧ ਰਹੇ ਪਾਰੇ ਨੂੰ ਦੇਖਦੇ ਹੋਏ ਲੋਕ ਰਵਾਇਤੀ ਰਸਮਾਂ ਦਾ ਸਹਾਰਾ ਲੈ ਰਹੇ ਹਨ। ਇਸ ਨਾਲ ਇੰਦਰ ਦੇਵ ਨੂੰ ਖੁਸ਼ ਕਰਨ ਲਈ ਪੂਰੀਆਂ ਰੀਤਾਂ ਨਾਲ ਡੱਡੂਆਂ ਦਾ ਵਿਆਹ ਕਰਵਾਇਆ ਗਿਆ। ਸ਼ਹਿਰ ਦੇ ਲੋਕ ਇਸ ਵੱਖਰੇ ਵਿਆਹ ਦੇ ਗਵਾਹ ਵੀ ਬਣੇ।

ਇਸ ਵਿਆਹ ਦਾ ਪ੍ਰਬੰਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਯੂਪੀ ‘ਚ ਪੈ ਰਹੀ ਭਿਆਨਕ ਗਰਮੀ ਨਾਲ ਲੋਕਾਂ ‘ਚ ਹਾਹਾਕਾਰ ਮੱਚੀ ਹੋਈ ਹੈ। ਪਾਰਾ ਲਗਾਤਾਰ ਵਧ ਰਿਹਾ ਹੈ ਤੇ ਗਰਮੀ ਫਿਛਲੇ ਰਿਕਾਰਡ ਤੋੜ ਰਹੀ ਹੈ। ਕਿਸਾਨ ਤੋਂ ਲੈ ਕੇ ਮਜ਼ਦੂਰ ਸਭ ਗਰਮੀ ਨਾਲ ਬੇਹਾਲ ਹਨ। ਇਸ ਲਈ ਲੋਕਾਂ ਨੇ ਇਸ ਵਿਆਹ ਦਾ ਪ੍ਰਬੰਧ ਕੀਤਾ ਤਾਂ ਜੋ ਇੰਦਰ ਖੁਸ਼ ਹੋ ਕੇ ਚੰਗੀ ਬਾਰਸ਼ ਕਰਨ। ਉਧਰ ਮੌਸਮ ਵਿਭਾਗ ਨੇ ਕਿਹਾ ਕਿ ਵਾਰਾਣਸੀ ‘ਚ ਜਲਦੀ ਹੀ ਮੌਨਸੂਨ ਦਸਤਕ ਦੇਣ ਵਾਲਾ ਹੈ।