ਨਵੀਂ ਦਿੱਲੀ: ਬੀਤੇ ਦਿਨੀਂ ਹੀ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸੇ ਤੋਂ ਬਾਅਦ ਹੁਣ ਉਨ੍ਹਾਂ ਨੂੰ ਕੋਰਟ ਦੇ ਚੱਕਰ ਕੱਟਣੇ ਪੈ ਰਹੇ ਹਨ। ਰਾਹੁਲ ਗਾਂਧੀ ਆਰਐਸਐਸ ਵੱਲੋਂ ਦਾਇਰ ਮਾਨਹਾਨੀ ਮਾਮਲੇ ‘ਚ ਅੱਜ ਮੁੰਬਈ ਦੀ ਸ਼ਿਵਡੀ ਕੋਰਟ ‘ਚ ਪੇਸ਼ ਹੋਏ। ਸੁਣਵਾਈ ਮਗਰੋਂ ਉਨ੍ਹਾਂ ਜ਼ਮਾਨਤ ਮਿਲ ਗਈ। ਰਾਹੁਲ ਗਾਂਧੀ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਰਨਾਟਕ ‘ਚ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਮਾਮਲੇ ‘ਚ ਆਰਐਸਐਸ ਦਾ ਹੱਥ ਹੋਣ ਦੀ ਗੱਲ ਕਹੀ ਸੀ।



ਰਾਹੁਲ ਗਾਂਧੀ ਤੋਂ ਇਲਾਵਾ ਸੀਤਾਰਾਮ ਯੈਚੁਰੀ ਖਿਲਾਫ ਵੀ ਮਾਨਹਾਨੀ ਦਾ ਕੇਸ ਦਰਜ ਕੀਤਾ ਗਿਆ ਹੈ। ਪਿਛਲੀ ਸੁਣਵਾਈ 30 ਅਪਰੈਲ ਨੂੰ ਹੋਣੀ ਸੀ ਪਰ ਕਿਸੇ ਕਾਰਨ ਜੱਜ ਦਾ ਤਬਾਦਲਾ ਹੋਣ ਕਰਕੇ ਸੁਣਵਾਈ ਟਲ ਗਈ ਸੀ। ਰਾਹੁਲ ਗਾਂਧੀ ਨੂੰ ਇਸ ਮਾਮਲੇ ‘ਚ ਕੋਰਟ ‘ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਮਝਗਾਂਵ ਮੈਟ੍ਰੋਪੋਲਿਟਨ ਮੈਜਿਸਟ੍ਰੈਟ ਕੋਰਟ ‘ਚ ਫਰਵਰੀ ‘ਚ ਵਕੀਲ ਤੇ ਆਰਐਸਐਸ ਵਰਕਰ ਧੁਰਤੀਮਾਨ ਜੋਸ਼ੀ ਨੇ ਨਿੱਜੀ ਸ਼ਿਕਾਇਤ ਸਬੰਧੀ ਗਾਂਧੀ ਤੇ ਸੀਪੀਆਈਐਮ ਨੇਤਾ ਸੀਤਾਰਾਮ ਨੂੰ ਸੰਮਨ ਜਾਰੀ ਕੀਤਾ ਸੀ।



ਸਤੰਬਰ 2017 ‘ਚ ਗੌਰੀ ਲੰਕੇਸ਼ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ‘ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਬੀਜੇਪੀ ਤੇ ਆਰਐਸਐਸ ਦੀ ਵਿਚਾਰਧਾਰਾ ਖਿਲਾਫ ਬੋਲਣ ਵਾਲੇ ਵਿਅਕਤੀ ‘ਤੇ ਦਬਾਅ ਬਣਾਇਆ ਜਾਂਦਾ ਹੈ, ਕੁੱਟਿਆ ਜਾਂਦਾ ਹੈ, ਹਮਲਾ ਕੀਤਾ ਜਾਂਦਾ ਹੈ ਜਾਂ ਮਾਰ ਦਿੱਤਾ ਜਾਂਦਾ ਹੈ।