ਇੱਕ ਦਿਨ ਦੀ ਰਾਹਤ ਤੋਂ ਬਾਅਦ ਪੈਟ੍ਰੋਲ ਦੀਆਂ ਕੀਮਤਾਂ 'ਚ ਮੁੜ ਲੱਗੀ ਅੱਗ
ਏਬੀਪੀ ਸਾਂਝਾ | 27 Sep 2018 10:21 AM (IST)
ਨਵੀਂ ਦਿੱਲੀ: ਪੈਟ੍ਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਦਿੱਸਦੀ ਨਹੀਂ ਜਾਪ ਰਹੀ ਹੈ। ਦਿੱਲੀ, ਮੁੰਬਈ ਸਮੇਤ ਪੂਰੇ ਦੇਸ਼ ਵਿੱਚ ਪੈਟ੍ਰੋਲ ਦੀਆਂ ਕੀਮਤਾਂ ਵਿੱਚ ਅੱਜ 14 ਪੈਸੇ ਦਾ ਵਾਧਾ ਦੇਖਿਆ ਗਿਆ ਹੈ। ਉੱਥੇ ਹੀ ਡੀਜ਼ਲ ਦੀ ਕੀਮਤ ਵਿੱਚ ਰਿਕਾਰਡ 12 ਪੈਸੇ ਦਾ ਹੀ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ ਤੇ ਮੁੰਬਈ ਵਿੱਚ ਅੱਜ ਪੈਟ੍ਰੋਲ ਕ੍ਰਮਵਾਰ 83.00 ਰੁਪਏ ਤੇ 90.35 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਉੱਥੇ ਹੀ ਮੁੰਬਈ ਵਿੱਚ ਡੀਜ਼ਲ ਦੀ ਕੀਮਤ 78.82 ਰੁਪਏ ਪ੍ਰਤੀ ਲੀਟਰ ਤੇ ਦਿੱਲੀ ਵਿੱਚ 74.24 ਰੁਪਏ ਫ਼ੀ ਲੀਟਰ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਸੀ ਵਧਾਈਆਂ, ਪਰ ਅਗਲੇ ਦਿਨ ਕੀਮਤਾਂ ਨੂੰ ਮੁੜ ਤੋਂ ਵਧਾ ਦਿੱਤਾ ਗਿਆ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਚਾਰ ਸਾਲਾਂ ਤੋਂ ਸਭ ਤੋਂ ਸਿਖਰ 'ਤੇ ਹਨ, ਉੱਪਰੋਂ ਕੇਂਦਰ ਤੇ ਸੂਬਾ ਸਰਕਾਰਾਂ ਦੇ ਟੈਕਸ ਆਮ ਲੋਕਾਂ ਨੂੰ ਨਿਚੋੜ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪੈਟ੍ਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਿਲਾਫ਼ ਵਿਰੋਧੀ ਧਿਰਾਂ ਲਗਾਤਾਰ ਮੋਦੀ ਸਰਕਾਰ 'ਤੇ ਹਮਲਾਵਰ ਹੈ ਅਤੇ ਪ੍ਰਦਰਸ਼ਨ ਕਰ ਰਹੀ ਹੈ। ਵਿਰੋਧੀ ਧਿਰ ਪੈਟ੍ਰੋਲ-ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਅੰਦਰ ਲਿਆਉਣ ਦੀ ਮੰਗ ਕਰ ਰਹੇ ਹਨ। ਇਸ ਸਭ ਦਰਮਿਆਨ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਤੇ ਹੁਣ ਇਸ ਦੀ ਆਸ ਵੀ ਮੱਧਮ ਜਾਪਦੀ ਹੈ।