ਨਵੀਂ ਦਿੱਲੀ: ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਪਿਛਲੇ ਨੌਂ ਦਿਨਾਂ ਤੋਂ ਵਧ ਰਹੀਆਂ ਹਨ ਤੇ ਦਸਵੇਂ ਦਿਨ ਵੀ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ। ਅੱਜ ਫਿਰ ਪੈਟ੍ਰੋਲ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਵਧ ਗਿਆ ਹੈ। ਇਸ ਤਰ੍ਹਾਂ ਬੀਤੇ ਦੋ ਦਿਨਾਂ ਵਿੱਚ ਪੈਟ੍ਰੋਲ 60 ਪੈਸੇ ਮਹਿੰਗਾ ਹੋ ਗਿਆ ਹੈ।

 

ਤੇਲ ਦੀਆਂ ਕੀਮਤਾਂ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ, ਵਾਲੀ ਕਹਾਵਤ ਸੱਚ ਹੋ ਗਈ ਹੈ। ਤਾਜ਼ਾ ਵਾਧੇ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਜਿੱਥੇ ਪੈਟ੍ਰੋਲ ਦੀ ਦਿੱਲੀ ਵਿੱਚ ਕੀਮਤ ਕੀਮਤ 37 (ਅਸਲ 37.65) ਰੁਪਏ ਪ੍ਰਤੀ ਲੀਟਰ ਹੈ ਤਾਂ ਇਸ 'ਤੇ ਸਰਕਾਰ ਟੈਕਸ ਤੇ ਡੀਲਰ ਕਮਿਸ਼ਨ ਅਤੇ ਹੋਰ ਖ਼ਰਚੇ ਆਦਿ ਜੋੜ ਕੇ ਆਮ ਆਦਮੀ ਤੋਂ 40 (39.52) ਰੁਪਏ ਹੋਰ ਵਸੂਲ ਰਹੀ ਹੈ।

ਅੱਜ ਦਿੱਲੀ ਵਿੱਚ ਪੈਟ੍ਰੋਲ ਦੀ ਕੀਮਤ 77.17 ਪੈਸੇ ਪਹੁੰਚ ਚੁੱਕੀ ਹੈ ਤੇ ਡੀਜ਼ਲ 68.34 ਰੁਪਏ ਤਕ ਪੁੱਜ ਗਿਆ ਹੈ। ਦੇਸ਼ ਵਿੱਚ ਸਭ ਤੋਂ ਮਹਿੰਗਾ ਤੇਲ ਮੁੰਬਈ ਵਿੱਚ ਮਿਲਦਾ ਹੈ, ਜਿੱਥੇ ਪੈਟ੍ਰੋਲ 84.99 ਰੁਪਏ ਤੇ ਡੀਜ਼ਲ 72.76 ਪੈਸੇ ਪਹੁੰਚ ਗਈ ਹੈ।

ਇਸ ਸਮੇਂ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਆਪਣੇ ਸਭ ਤੋਂ ਉੱਚੇ ਪੱਧਰ ਉਤੇ ਹਨ ਤੇ ਹਾਲੇ ਤਕ ਸਰਕਾਰ ਵੱਲੋਂ ਕੋਈ ਢਿੱਲ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਪੈਟ੍ਰੋਲੀਅਮ ਮੰਤਰੀ ਤੇ ਭਾਜਪਾ ਪ੍ਰਧਾਨ ਦੇ ਬਿਆਨਾਂ ਮੁਤਾਬਕ ਸਰਕਾਰ ਇਸ ਬਾਬਤ ਛੇਤੀ ਹੀ ਕੋਈ ਕਦਮ ਚੁੱਕੇਗੀ।