ਨਵੀਂ ਦਿੱਲੀ: ਦੇਸ਼ ਭਰ ‘ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਵਿਰੋਧ ਪ੍ਰਦਰਸ਼ਨਾਂ ‘ਚ ਕਈ ਵਿਦੇਸ਼ੀ ਵਿਦਿਆਰਥੀ ਵੀ ਨਜ਼ਰ ਆ ਰਹੇ ਹਨ। ਅਜਿਹੇ ‘ਚ ਹੀ ਇੱਕ ਵਿਦੇਸ਼ੀ ਪ੍ਰਦਰਸ਼ਨਕਾਰੀ ਵਿਦਿਆਰਥੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ ਸ਼ੁਰੂ ਹੋ ਗਈ ਹੈ ਜਿਸ ਦਾ ਨਾਂ ਜੈਕਬ ਲਿੰਡੇਂਥਲ ਹੈ ਤੇ ਇੱਥੇ ਉਹ ਜਰਮਨ ਤੋਂ ਪੜ੍ਹਾਈ ਲਈ ਮਦਰਾਸ ਆਈਆਈਟੀ ਆਇਆ ਹੈ।


ਜੈਕਬ ਆਈਆਈਟੀ ਫਿਜ਼ਿਕਸ ਦੇ ਫਾਈਨਲ ਦਾ ਸਟੂਡੈਂਟ ਹੈ ਜਿਸ ਦੀ ਪੜ੍ਹਾਈ ਦਾ ਅਜੇ ਇੱਕ ਸਮੈਸਟਰ ਬਾਕੀ ਹੈ ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਬੰਗਲੁਰੂ ਤੋਂ ਦਿੱਲੀ ਜਾਣ ਦੀ ਖ਼ਬਰ ਆਈ ਜਿੱਥੋਂ ਉਸ ਦੀ ਜਰਮਨੀ ਦੀ ਫਲਾਈਟ ਹੈ। ਅਸਲ ‘ਚ ਜੈਕਬ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਜਿਨ੍ਹਾਂ ‘ਚ ਉਹ ਸੀਏਏ ਦਾ ਵਿਰੋਧ ਕਰ ਰਿਹਾ ਹੈ ਤੇ ਇਹ ਤਸਵੀਰਾਂ ਹੁਣ ਉਸ ਲਈ ਮੁਸੀਬਤ ਬਣ ਗਈਆਂ ਹਨ। ਜੈਕੂਬ ਨੇ ਉਸ ਖਿਲਾਫ ਕੀਤੀ ਗਈ ਕਾਰਵਾਈ ਬਾਰੇ ਕਿਹਾ, "ਭਾਰਤ 'ਚ ਮੇਰੇ 'ਤੇ ਪਾਬੰਦੀ ਲਾਈ ਗਈ ਹੈ। ਮੇਰੇ 'ਤੇ ਪਾਬੰਦੀ ਲਾਉਣ ਬਾਰੇ ਕੋਈ ਸਬੂਤ ਨਹੀਂ ਹੈ ਪਰ ਮੈਨੂੰ ਦੇਸ਼ ਨਿਕਾਲੇ ਦੀ ਧਮਕੀ ਦਿੱਤੀ ਗਈ ਹੈ।"



ਹਾਲਾਂਕਿ, ਮਦਰਾਸ ਆਈਆਈਟੀ ਨੇ ਜੈਕੂਬ ਦੇ ਦੇਸ਼ ਨਿਕਾਲੇ ਬਾਰੇ ਮੀਡੀਆ ਕੋਲ ਕੋਈ ਟਿੱਪਣੀ ਨਹੀਂ ਕੀਤੀ। ਜੈਕੂਬ ਨੂੰ ਵਾਪਸ ਜਰਮਨੀ ਭੇਜਣ ਲਈ ਟਵਿੱਟਰ 'ਤੇ ਪ੍ਰਤੀਕਿਰੀਆਵਾਂ ਆ ਰਹੀਆਂ ਹਨ। ਜਾਕੂਬ ਨੂੰ ਉਸ ਦੇ ਕੋਆਰਡੀਨੇਟਰ ਨੇ ਬੁਲਾਇਆ ਤੇ ਦੱਸਿਆ ਕਿ ਉਸ ਦੇ ਨਿਵਾਸ ਆਗਿਆ 'ਚ ਕੋਈ ਸਮੱਸਿਆ ਹੈ ਤੇ ਉਸ ਨੂੰ ਇਮੀਗ੍ਰੇਸ਼ਨ ਵਿਭਾਗ ਜਾਣਾ ਪਏਗਾ। ਇਸ ਤੋਂ ਬਾਅਦ ਜੈਕੂਬ ਨੂੰ ਛੇਤੀ ਹੀ ਭਾਰਤ ਛੱਡਣ ਦਾ ਆਦੇਸ਼ ਦਿੱਤਾ ਗਿਆ।


ਆਪਣੇ ਵਿਰੋਧ ਪ੍ਰਦਰਸ਼ਨ ਦੌਰਾਨ ਜੈਕੂਬ ਨੇ ਭਾਰਤ ਵਿੱਚ ਜੋ ਹੋ ਰਿਹਾ ਸੀ, ਉਸ ਦੀ ਤੁਲਨਾ ਹਿਟਲਰ ਨਾਜ਼ੀ ਦੇ ਸਮੇਂ ਨਾਲ ਕੀਤੀ ਜਿਸ ਦੀ ਸੋਸ਼ਲ ਮੀਡੀਆ 'ਤੇ ਵੀ ਚਰਚਾ ਹੋਈ ਸੀ।